ਰਾਏਪੁਰ ''ਚ ਦਰਦਨਾਕ ਹਾਦਸਾ: ਹਸਪਤਾਲ ਦੇ ਸੈਪਟਿਕ ਟੈਂਕ ਦੀ ਸਫਾਈ ਦੌਰਾਨ 3 ਮਜ਼ਦੂਰਾਂ ਦੀ ਮੌਤ

Wednesday, Mar 18, 2026 - 02:23 AM (IST)

ਰਾਏਪੁਰ ''ਚ ਦਰਦਨਾਕ ਹਾਦਸਾ: ਹਸਪਤਾਲ ਦੇ ਸੈਪਟਿਕ ਟੈਂਕ ਦੀ ਸਫਾਈ ਦੌਰਾਨ 3 ਮਜ਼ਦੂਰਾਂ ਦੀ ਮੌਤ

ਰਾਏਪੁਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਮੰਗਲਵਾਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਸ਼ਹਿਰ ਦੇ ਰਾਮ ਕ੍ਰਿਸ਼ਨਾ ਕੇਅਰ ਹਸਪਤਾਲ ਵਿੱਚ ਸੈਪਟਿਕ ਟੈਂਕ ਦੀ ਸਫਾਈ ਕਰਦੇ ਸਮੇਂ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੋਵਿੰਦ ਸੇਂਦਰੇ, ਅਨਮੋਲ ਮਚਕਨ ਅਤੇ ਪ੍ਰਸ਼ਾਂਤ ਕੁਮਾਰ ਵਜੋਂ ਹੋਈ ਹੈ, ਜੋ ਸ਼ਹਿਰ ਦੇ ਸਿਮਰਨ ਸਿਟੀ ਇਲਾਕੇ ਦੇ ਰਹਿਣ ਵਾਲੇ ਸਨ।

ਜਾਣਕਾਰੀ ਅਨੁਸਾਰ, ਇਨ੍ਹਾਂ ਮਜ਼ਦੂਰਾਂ ਨੂੰ ਟੈਂਕ ਦੀ ਸਫਾਈ ਲਈ ਅੰਦਰ ਭੇਜਿਆ ਗਿਆ ਸੀ, ਜਿੱਥੇ ਮੌਜੂਦ ਜ਼ਹਿਰੀਲੀ ਗੈਸ ਕਾਰਨ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਕੁਝ ਹੀ ਸਮੇਂ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਹਸਪਤਾਲ ਕੰਪਲੈਕਸ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।

ਮ੍ਰਿਤਕਾਂ ਦੇ ਪਰਿਵਾਰਾਂ ਨੇ ਹਸਪਤਾਲ ਪ੍ਰਬੰਧਨ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਜ਼ਦੂਰਾਂ ਨੂੰ ਬਿਨਾਂ ਕਿਸੇ ਸੁਰੱਖਿਆ ਉਪਕਰਨ ਦੇ ਟੈਂਕ ਵਿੱਚ ਉਤਾਰਿਆ ਗਿਆ ਸੀ। ਉਨ੍ਹਾਂ ਦਾ ਇਹ ਵੀ ਆਰੋਪ ਹੈ ਕਿ ਸਿਖਲਾਈ ਪ੍ਰਾਪਤ ਸਟਾਫ਼ ਦੀ ਬਜਾਏ ਆਮ ਮਜ਼ਦੂਰਾਂ ਤੋਂ ਇਹ ਖ਼ਤਰਨਾਕ ਕੰਮ ਲਿਆ ਗਿਆ, ਜਿਸ ਕਾਰਨ ਇਹ ਭਾਣਾ ਵਰਤਿਆ।

ਮਾਹਿਰਾਂ ਅਨੁਸਾਰ, ਸੈਪਟਿਕ ਟੈਂਕ ਦੀ ਸਫਾਈ ਇੱਕ ਬਹੁਤ ਹੀ ਜੋਖਮ ਭਰਿਆ ਕੰਮ ਹੈ, ਜਿਸ ਲਈ ਗੈਸ ਦੀ ਜਾਂਚ, ਆਕਸੀਜਨ ਸਪੋਰਟ ਅਤੇ ਸੁਰੱਖਿਆ ਕਿੱਟ ਦੀ ਵਰਤੋਂ ਲਾਜ਼ਮੀ ਹੁੰਦੀ ਹੈ। ਅਜਿਹੇ ਕੰਮ ਆਮ ਤੌਰ 'ਤੇ ਮਾਹਿਰ ਟੀਮਾਂ ਜਾਂ ਅਧਿਕਾਰਤ ਏਜੰਸੀਆਂ ਦੀ ਨਿਗਰਾਨੀ ਹੇਠ ਕੀਤੇ ਜਾਣੇ ਚਾਹੀਦੇ ਹਨ। ਫਿਲਹਾਲ ਪੁਲਿਸ ਅਤੇ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।


author

Inder Prajapati

Content Editor

Related News