ਲੋਕ ਸਭਾ 'ਚ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ, ਹੁਣ ਰਾਜ ਸਭਾ 'ਚ ਹੋਵੇਗਾ ਪੇਸ਼

12/10/2019 12:32:02 AM

ਨਵੀਂ ਦਿੱਲੀ — ਲੋਕ ਸਭਾ ਨੇ 7 ਘੰਟੇ ਤਕ ਲੰਬੀ ਚੱਲੀ ਚਰਚਾ ਤੋਂ ਬਾਅਦ ਸੋਮਵਾਰ ਅੱਧੀ ਰਾਤ ਨੂੰ ਨਾਗਰਿਕਤਾ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਬਿੱਲ ਦੇ ਪੱਖ ਵਿਚ 311 ਵੋਟਾਂ ਪਈਆਂ ਜਦਕਿ 80 ਸੰਸਦ ਮੈਂਬਰਾਂ ਨੇ ਇਸ ਦੇ ਵਿਰੁੱਧ ਵੋਟ ਪਾਈ। ਹੁਣ ਇਸ ਬਿੱਲ ਨੂੰ ਰਾਜ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਪਾਕਿਸਤਾਨ, ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਨੂੰ ਇਸ ਬਿੱਲ ਵਿਚ ਨਾਗਰਿਕਤਾ ਦੇਣ ਦੀ ਤਜਵੀਜ਼ ਹੈ। ਇਸ ਬਿੱਲ ਵਿਚ ਇਨ੍ਹਾਂ ਤਿਨਾਂ ਦੇਸ਼ਾਂ ਤੋਂ ਆਉਣ ਵਾਲੇ ਹਿੰਦੂ, ਜੈਨ, ਸਿੱਖ, ਬੋਧੀ, ਫਾਰਸੀ ਅਤੇ ਇਸਾਈ ਭਾਈਚਾਰੇ ਨੂੰ ਸ਼ਰਨਾਰਥੀ ਨਾਗਰਿਕਤਾ ਦੀ ਤਜਵੀਜ਼ ਹੈ।

ਜੇ. ਡੀ. ਯੂ. ਤੇ ਐੱਲ. ਜੇ. ਪੀ. ਵਰਗੀਆਂ ਭਾਈਵਾਲ ਪਾਰਟੀਆਂ ਨੇ ਬਿੱਲ ਦੇ ਪੱਖ ਵਿਚ ਵੋਟ ਪਾਈ। ਉਧਰ ਸ਼ਿਵ ਸੈਨਾ, ਬੀ. ਜੇ. ਡੀ. ਅਤੇ ਵਾਈ. ਐੱਸ. ਆਰ. ਕਾਂਗਰਸ ਵਰਗੀਆਂ ਪਾਰਟੀਆਂ ਨੇ ਵੀ ਬਿੱਲ ਦੇ ਪੱਖ ਵਿਚ ਵੋਟ ਪਾਈ। ਇਸ ਤੋਂ ਪਹਿਲਾਂ ਬਿੱਲ ’ਤੇ ਚਰਚਾ ਦਾ ਜਵਾਬ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਇਹ ਬਿੱਲ ਲੱਖਾਂ-ਕਰੋੜਾਂ ਲੋਕਾਂ ਨੂੰ ਤਸੀਹਿਆਂ ਤੋਂ ਮੁਕਤੀ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸੇ ਭਾਈਚਾਰੇ ਵਿਸ਼ੇਸ਼ ਲਈ ਨਹੀਂ, ਸਗੋਂ ਘੱਟ ਗਿਣਤੀ ਲੋਕਾਂ ਲਈ ਹੈ।

ਪਾਕਿ, ਬੰਗਲਾਦੇਸ਼ ਤੋਂ ਗਾਇਬ ਹੋਏ ਘੱਟ ਗਿਣਤੀ ਲੋਕ

ਅਮਿਤ ਸ਼ਾਹ ਨੇ ਕਿਹਾ ਕਿ 1947 ’ਚ ਪਾਕਿਸਤਾਨ ਦੀ ਆਬਾਦੀ 23 ਫੀਸਦੀ ਸੀ ਪਰ 2011 ਵਿਚ 3.7 ਫੀਸਦੀ ਹੋ ਗਈ। ਬੰਗਲਾਦੇਸ਼ ਵਿਚ 1947 ਵਿਚ 22 ਫੀਸਦੀ ਆਬਾਦੀ ਸੀ ਪਰ 2011 ਵਿਚ ਇਹ 7.8 ਫੀਸਦੀ ਹੋ ਗਈ। ਆਖਿਰ ਇਹ ਲੋਕ ਕਿੱਥੇ ਚਲੇ ਗਏ ਜਾਂ ਤਾਂ ਮਾਰ ਦਿੱਤੇ ਗਏ, ਭਜਾ ਦਿੱਤੇ ਗਏ ਜਾਂ ਫਿਰ ਧਰਮ ਤਬਦੀਲ ਕਰ ਦਿੱਤੇ ਗਏ। ਆਖਿਰ ਇਨ੍ਹਾਂ ਦਾ ਕੀ ਦੋਸ਼ ਸੀ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਲੋਕਾਂ ਦਾ ਸਨਮਾਨ ਬਣਿਆ ਰਹੇ।

ਸ਼ਾਹ ਨੇ ਕਿਹਾ, ‘‘ਮੈਂ ਸਦਨ ਰਾਹੀਂ ਪੂਰੇ ਦੇਸ਼ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਬਿੱਲ ਕਿਤੋਂ ਵੀ ਗੈਰ-ਸੰਵਿਧਾਨਕ ਨਹੀਂ ਅਤੇ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਨਹੀਂ ਕਰਦਾ। ਜੇਕਰ ਦੇਸ਼ ਦੀ ਵੰਡ ਧਰਮ ਦੇ ਆਧਾਰ ’ਤੇ ਨਾ ਹੁੰਦੀ ਤਾਂ ਮੈਨੂੰ ਬਿੱਲ ਲਿਆਉਣ ਦੀ ਲੋੜ ਹੀ ਨਾ ਪੈਂਦੀ’’। ਉਨ੍ਹਾਂ ਕਿਹਾ ਕਿ ਨਹਿਰੂ-ਲਿਆਕਤ ਸਮਝੌਤਾ ਕਾਲਪਨਿਕ ਸੀ, ਅਸਫਲ ਹੋ ਗਿਆ ਅਤੇ ਇਸ ਲਈ ਬਿੱਲ ਲਿਆਉਣਾ ਪਿਆ। ਸ਼ਾਹ ਨੇ ਕਿਹਾ ਕਿ ਦੇਸ਼ ਵਿਚ ਐੱਨ. ਆਰ. ਸੀ. ਆ ਕੇ ਰਹੇਗਾ ਅਤੇ ਜਦੋਂ ਐੱਨ. ਆਰ. ਸੀ. ਆਵੇਗਾ ਉਦੋਂ ਦੇਸ਼ ਵਿਚ ਇਕ ਵੀ ਘੁਸਪੈਠੀਆ ਬਚ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਰੋਹਿੰਗਿਆਂ ਨੂੰ ਕਦੇ ਪ੍ਰਵਾਨ ਨਹੀਂ ਕੀਤਾ ਜਾਵੇਗਾ। ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਦੇਸ਼ ਵਿਚ ਕਿਸੇ ਧਰਮ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ। ਇਹ ਸਰਕਾਰ ਸਾਰਿਆਂ ਨੂੰ ਸਨਮਾਨ ਅਤੇ ਸੁਰੱਖਿਆ ਦੇਣ ਲਈ ਵਚਨਬੱਧ ਹੈ। ਜਦੋਂ ਤਕ ਮੋਦੀ ਪ੍ਰਧਾਨ ਮੰਤਰੀ ਹਨ, ਸੰਵਿਧਾਨ ਹੀ ਸਰਕਾਰ ਦਾ ਧਰਮ ਹੈ।

ਬਿੱਲ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਭਾਜਪਾ ਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੇ ਵੱਖ-ਵੱਖ ਮੈਂਬਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।


Inder Prajapati

Content Editor

Related News