17ਵੀਂ ਲੋਕ ਸਭਾ ''ਤੇ ADR ਰਿਪੋਰਟ : ਸਵਾਲ ਪੁੱਛਣ ''ਚ ਮਹਾਰਾਸ਼ਟਰ ਦੇ ਸੰਸਦ ਮੈਂਬਰ ਰਹੇ ਮੋਹਰੀ
Thursday, Mar 28, 2024 - 01:20 PM (IST)
ਨਵੀਂ ਦਿੱਲੀ (ਭਾਸ਼ਾ)- ਮੌਜੂਦਾ ਲੋਕ ਸਭਾ ’ਚ ਕੁੱਲ 222 ਬਿੱਲ ਪਾਸ ਕੀਤੇ ਗਏ ਅਤੇ ਇਨ੍ਹਾਂ ’ਚੋਂ 45 ਨੂੰ ਸਦਨ ’ਚ ਪੇਸ਼ ਕੀਤੇ ਜਾਣ ਵਾਲੇ ਦਿਨ ਹੀ ਮਨਜ਼ੂਰੀ ਦੇ ਦਿੱਤੀ ਗਈ। ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਦੇ ਇਕ ਵਿਸ਼ਲੇਸ਼ਣ ’ਚ ਸਾਹਮਣੇ ਆਈ ਹੈ। ਜਿਨ੍ਹਾਂ ਬਿੱਲਾਂ ਨੂੰ ਹੇਠਲੇ ਸਦਨ ’ਚ ਪੇਸ਼ ਕੀਤੇ ਜਾਣ ਵਾਲੇ ਦਿਨ ਹੀ ਮਨਜ਼ੂਰੀ ਮਿਲੀ, ਉਨ੍ਹਾਂ ’ਚ ਵਿਨਿਯੋਗ (ਵੋਟ ਆਨ ਅਕਾਊਂਟ) ਬਿੱਲ, ਵਿਨਿਯੋਗ ਬਿੱਲ, ਜੰਮੂ-ਕਸ਼ਮੀਰ ਵਿਨਿਯੋਗ (ਦੂਜਾ) ਬਿੱਲ, ਕੇਂਦਰੀ ਵਸਤੂ ਅਤੇ ਸੇਵਾ ਕਰ (ਸੋਧ) ਬਿੱਲ, 2023 ਅਤੇ ਚੋਣ ਕਾਨੂੰਨ (ਸੋਧ) ਬਿੱਲ, 2021 ਸ਼ਾਮਲ ਹਨ। ਏ. ਡੀ. ਆਰ. ਵੱਲੋਂ ਵਿਸ਼ਲੇਸ਼ਣ ਦੇ ਆਧਾਰ ’ਤੇ ਤਿਆਰ ਕੀਤੀ ਗਈ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ। ਇਹ 17ਵੀਂ ਲੋਕ ਸਭਾ ਅਤੇ ਉਸ ਦੇ ਮੈਂਬਰਾਂ ਦੇ ਕੰਮਕਾਜ ਨੂੰ ਚਾਨਣਾ ਪਾਉਂਦੀ ਹੈ।
ਰਿਪੋਰਟ ਮੁਤਾਬਕ 17ਵੀਂ ਲੋਕ ਸਭਾ ਦੇ ਕਾਰਜਕਾਲ ਦੌਰਾਨ 240 ਬਿੱਲ ਪੇਸ਼ ਕੀਤੇ ਗਏ ਅਤੇ ਇਨ੍ਹਾਂ ’ਚੋਂ 222 ਨੂੰ ਪਾਸ ਹੋਏ। ਇਸ ਤੋਂ ਇਲਾਵਾ, 11 ਬਿੱਲ ਵਾਪਸ ਲਏ ਗਏ ਅਤੇ 6 ਬਕਾਇਆ ਹਨ। ਇਨ੍ਹਾਂ ਅੰਕੜਿਆਂ ਅਨੁਸਾਰ, 45 ਬਿੱਲ ਉਸੇ ਦਿਨ ਪਾਸ ਕਰ ਦਿੱਤੇ ਗਏ, ਜਿਸ ਦਿਨ ਉਨ੍ਹਾਂ ਨੂੰ ਸਦਨ ’ਚ ਪੇਸ਼ ਕੀਤਾ ਗਿਆ। ਏ. ਡੀ. ਆਰ. ਦਾ ਕਹਿਣਾ ਹੈ ਕਿ ਔਸਤਨ ਇਕ ਸੰਸਦ ਮੈਂਬਰ ਨੇ 165 ਸਵਾਲ ਪੁੱਛੇ ਅਤੇ 273 ਮੀਟਿੰਗਾਂ ’ਚੋਂ 189 ’ਚ ਹਿੱਸਾ ਲਿਆ। ਛੱਤੀਸਗੜ੍ਹ ਦੇ ਸੰਸਦ ਮੈਂਬਰਾਂ ਦੀ ਔਸਤ ਹਾਜ਼ਰੀ ਸਭ ਤੋਂ ਵੱਧ ਸੀ। ਹੇਠਲੇ ਸਦਨ ’ਚ ਸੂਬਿਆਂ ਦੇ 11 ਨੁਮਾਇੰਦਿਆਂ ਨੇ 273 ਮੀਟਿੰਗਾਂ ’ਚੋਂ 216 ’ਚ ਹਿੱਸਾ ਲਿਆ। ਇਸ ਦੇ ਉਲਟ, ਅਰੁਣਾਚਲ ਪ੍ਰਦੇਸ਼ ’ਚ ਔਸਤ ਹਾਜ਼ਰੀ ਸਭ ਤੋਂ ਘੱਟ ਰਹੀ, ਜਿੱਥੇ ਇਸ ਦੇ ਦੋ ਸੰਸਦ ਮੈਂਬਰਾਂ ਨੇ ਸਿਰਫ 127 ਮੀਟਿੰਗਾਂ ’ਚ ਹਿੱਸਾ ਲਿਆ। ਮਹਾਰਾਸ਼ਟਰ ਦੇ ਸੰਸਦ ਮੈਂਬਰ ਸਭ ਤੋਂ ਵੱਧ ਅੱਗੇ ਸਨ, ਜਿਨ੍ਹਾਂ 'ਚੋਂ 48 ਪ੍ਰਤੀਨਿਧੀਆਂ ਨੇ ਔਸਤਨ 315 ਪ੍ਰਸ਼ਨ ਪੁੱਛੇ। ਇਸ ਦੇ ਉਲਟ ਮਣੀਪੁਰ ਦੇ ਹਰੇਕ ਸੰਸਦ ਮੈਂਬਰ ਨੇ ਔਸਤਨ 25 ਪ੍ਰਸ਼ਨ ਪੁੱਛੇ। ਪਾਰਟੀ ਵਿਚਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਆਪਣੇ 5 ਸੰਸਦ ਮੈਂਬਰਾਂ ਨਾਲ ਔਸਤਨ 410 ਸਵਾਲ ਚੁੱਕ ਕੇ ਸਭ ਤੋਂ ਅੱਗੇ ਰਹੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e