40 ਸਾਲਾ ਸ਼ਖਸ ਨੇ ਕੀਤਾ 3 ਸਾਲਾ ਬੱਚੀ ਨਾਲ ਰੇਪ, ਹਾਲਤ ਗੰਭੀਰ
Monday, Dec 17, 2018 - 10:34 AM (IST)
ਨਵੀਂ ਦਿੱਲੀ— ਇੱਥੇ ਐਤਵਾਰ ਦੀ ਸ਼ਾਮ 40 ਸਾਲਾ ਇਕ ਸ਼ਖਸ ਨੇ ਗੁਆਂਢ 'ਚ ਰਹਿਣ ਵਾਲੀ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ ਕੀਤਾ। ਪਰਿਵਾਰ ਵਾਲਿਆਂ ਨੂੰ ਬੱਚੀ ਦੋਸ਼ੀ ਦੇ ਕਮਰੇ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ। ਗੁੱਸਾਏ ਲੋਕਾਂ ਨੇ ਦੋਸ਼ੀ ਨੂੰ ਫੜ ਕੇ ਜੰਮ ਕੇ ਕੁੱਟਮਾਰ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਬੱਚੀ ਅਤੇ ਦੋਸ਼ੀ ਨੂੰ ਪੁਲਸ ਨੇ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਭਰਤੀ ਕਰਵਾਇਆ ਹੈ। ਬੱਚੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਬਲਾਤਕਾਰ ਅਤੇ ਪਾਕਸੋ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਤਿੰਨ ਸਾਲਾ ਬੱਚੀ ਪਰਿਵਾਰ ਵਾਲਿਆਂ ਨਾਲ ਬਿੰਦਾਪੁਰ ਇਲਾਕੇ 'ਚ ਰਹਿੰਦੀ ਹੈ। ਉਸ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ। ਬੱਚੀ ਜਿਸ ਮਕਾਨ 'ਚ ਰਹਿੰਦੀ ਹੈ, ਉਸੇ ਮਕਾਨ 'ਚ 40 ਸਾਲਾ ਦੋਸ਼ੀ ਰਣਜੀਤ ਵੀ ਰਹਿੰਦਾ ਹੈ। ਉਹ ਇਕ ਸਰਵਿਸ ਸੈਂਟਰ 'ਚ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਹੈ। ਐਤਵਾਰ ਸ਼ਾਮ ਬੱਚੀ ਘਰ ਦੇ ਸਾਹਮਣੇ ਖੇਡਦੇ ਹੋਏ ਅਚਾਨਕ ਗਾਇਬ ਹੋ ਗਈ। ਬੱਚੀ ਨੂੰ ਨਹੀਂ ਦੇਖ ਕੇ ਪਰਿਵਾਰ ਵਾਲਿਆਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ। ਕਾਫੀ ਤਲਾਸ਼ ਕਰਨ ਤੋਂ ਬਾਅਦ ਪਰਿਵਾਰ ਵਾਲੇ ਦੋਸ਼ੀ ਦੇ ਕਮਰੇ 'ਚ ਗਏ, ਜਿੱਥੇ ਬੱਚੀ ਖੂਨ ਨਾਲ ਲੱਥਪੱਥ ਹਾਲਤ 'ਚ ਦੋਸ਼ੀ ਨਾਲ ਮੌਜੂਦ ਸੀ। ਬੱਚੀ ਦੀ ਅਜਿਹੀ ਹਾਲਤ ਦੇਖ ਪਰਿਵਾਰ ਵਾਲੇ ਭੜਕ ਗਏ ਅਤੇ ਉਨ੍ਹਾਂ ਨੇ ਦੋਸ਼ੀ ਦੀ ਕੁੱਟਮਾਰ ਕਰ ਦਿੱਤੀ।
ਮੌਕੇ 'ਤੇ ਪੁੱਜੀ ਪੁਲਸ ਨੇ ਪੀੜਤ ਬੱਚੀ ਅਤੇ ਦੋਸ਼ੀ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀ ਦੀ ਹਾਲਤ ਸਥਿਰ ਹੈ। ਫਿਲਹਾਲ ਡਾਕਟਰਾਂ ਦੀ ਨਿਗਰਾਨੀ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਪੀੜਤ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰ ਕੇ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
