ਯੂਕ੍ਰੇਨ ’ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

Monday, Mar 21, 2022 - 06:56 PM (IST)

ਯੂਕ੍ਰੇਨ ’ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਚਲਾਗੇਰੀ– ਕਰਨਾਟਕ ਦੇ ਮੈਡੀਕਲ ਵਿਦਿਆਰਥੀ ਨਵੀਨ ਸ਼ੇਖਾਰੱਪਾ ਝਾਨਗੌਦਰ ਦਾ ਸੋਮਵਾਰ ਨੂੰ ਵੀਰਸ਼ੈਵ ਲਿੰਗਾਇਤ ਪਰੰਪਰਾ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਲੋਕ ਸ਼ਾਮਿਲ ਹੋਏ। ਨਵੀਨ ਦੀ ਯੂਕ੍ਰੇਨ ’ਚ ਇਕ ਮਾਰਚ ਨੂੰ ਗੋਲੀਬਾਰੀ ’ਚ ਮੌਤ ਹੋ ਗਈ ਸੀ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਦੁਖੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਬੇਂਗਲੁਰੂ ਹਵਾਈ ਅੱਡੇ ਤੋਂ ਉਡਾਣ ਭਰੀ। ਬੋਮਈ ਅਤੇ ਹੋਰ ਲੋਕਾਂ ਨੇ ਪੀੜਤ ਨਵੀਨ ਦੇ ਮਾਤਾ-ਪਿਤਾ ਨੂੰ ਦਿਲਾਸਾ ਦਿੱਤਾ। 

ਨਵੀਨ ਦੀ ਲਾਸ਼ ਅੱਜ ਚਲਾਗੇਰੀ ਪਹੁੰਚੀ ਅਤੇ ਵੀਰਸ਼ੈਵ ਲਿੰਗਾਇਤ ਪਰੰਪਰਾ ਅਨੁਸਾਰ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਣਥੱਕ ਕੋਸ਼ਿਸ਼ਾਂ ਕਾਰਨ ਯੂਕ੍ਰੇਨ ਤੋਂ ਨਵੀਨ ਦੀ ਪਵਿੱਤਰ ਦੇਹ ਸਵਦੇਸ਼ ਲਿਆਉਣੀ ਸੰਭਵ ਹੋ ਸਕੀ ਹੈ। ਨਵੀਨ ਦੀ ਪਵਿੱਤਰ ਦੇਹ ਵਿਸ਼ੇਸ਼ ਉਡਾਣ ਰਾਹੀਂ ਭਾਰਤ ਲਿਆਈ ਗਈ। ਬੋਮਈ ਨੇ ਕਿਹਾ ਕਿ ਹਾਲਾਂਕਿ ਇਸ ਤਰ੍ਹਾਂ ਨਵੀਨ ਦਾ ਵਾਪਸ ਆਉਣਾ ਬਹੁਤ ਦੁਖਦ ਹੈ। ਬਦਕਿਸਮਤੀ ਨਾਲ ਨਵੀਨ ਦੀ ਯੂਕ੍ਰੇਨ ’ਚ ਹੋ ਰਹੀ ਗੋਲੀਬਾਰੀ ’ਚ ਮੌਤ ਹੋ ਗਈ ਸੀ। 

ਜ਼ਿਕਰਯੋਗ ਹੈ ਕਿ ਨਵੀਨ ਖਾਰਕੀਵ ਦੀ ਰਾਸ਼ਟਰੀ ਮੈਡੀਕਲ ਯੂਨੀਵਸਿਟੀ ਤੋਂ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰ ਰਿਹਾ ਸੀ। ਉਹ ਖਾਰਕੀਵ ਮੈਟਰੋ ਸਟੇਸ਼ਨ ਦੇ ਬਾਹਰ ਕਰਿਆਨੇ ਦਾ ਸਾਮਾਨ ਖਰੀਦਣ ਗਿਆ ਸੀ ਜਿੱਥੇ ਉਸਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਮੌਤ ਦੇ ਇਕ ਘੰਟਾ ਪਹਿਲਾਂ ਉਸਨੇ ਆਪਣੇ ਮਾਤਾ-ਪਿਤਾ ਨਾਲ ਫੋਨ ’ਤੇ ਗੱਲ ਕੀਤੀ ਸੀ ਜਿਸ ਵਿਚ ਉਸਨੇ ਭਾਰਤ ਪਰਤਨ ਲਈ ਇੰਤਜ਼ਾਰ ਕਰਨ ਲਈ ਕਿਹਾ ਸੀ। ਉਸਤੋਂ ਬਾਅਦ ਅਗਲੇ ਇਕ ਘੰਟੇ ’ਚ ਇਹ ਅਣਹੋਣੀ ਹੋ ਗਈ। ਸਰਕਾਰ ਨੇ ਨਵੀਨ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਚੈੱਕ ਦਿੱਤਾ ਅਤੇ ਉਸਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ। 


author

Rakesh

Content Editor

Related News