ਕੁਆਰੰਟੀਨ ਸੈਂਟਰ ਤੋਂ ਦੌੜ ਕੇ ਆਏ ਪਤੀ ਨੇ ਪਤਨੀ ਦਾ ਹੱਥ ਵੱਢਿਆ
Friday, May 15, 2020 - 10:57 AM (IST)
ਜਸ਼ਪੁਰ- ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲੇ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਕੁਆਰੰਟੀਨ ਸੈਂਟਰ ਤੋਂ ਦੌੜ ਕੇ ਇਕ ਪ੍ਰਵਾਸੀ ਮਜ਼ਦੂਰ ਆਪਣੇ ਘਰ ਪਹੁੰਚਿਆ। ਉੱਥੇ ਪਹੁੰਚਣ ਤੋਂ ਬਾਅਦ ਉਸ ਦੀ ਪਤਨੀ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੀ ਸੀ, ਮਜ਼ਦੂਰ ਨੇ ਪਤਨੀ ਦਾ ਸੱਜਾ ਹੱਥ ਕੱਟ ਦਿੱਤਾ। ਉਸ ਤੋਂ ਬਾਅਦ ਪਤਨੀ ਦਰਦ ਨਾਲ ਤੜਫਦੀ ਰਹੀ ਅਤੇ ਮਜ਼ਦੂਰ ਉੱਥੋਂ ਦੌੜ ਗਿਆ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਓਡੀਸ਼ਾ 'ਚ ਰਹਿੰਦਾ ਸੀ। 6 ਦਿਨ ਪਹਿਲਾਂ ਉਹ ਪਿੰਡ ਆਇਆ ਸੀ ਤਾਂ ਉਸ ਨੂੰ ਕੁਆਰੰਟੀਨ ਸੈਂਟਰ 'ਚ ਰੱਖਿਆ ਗਿਆ ਸੀ। ਕੁਆਰੰਟੀਨ ਸੈਂਟਰ 'ਚ ਰਹਿਣ ਦੌਰਾਨ ਦੋਸ਼ੀ ਲਲਿਤ ਕੋਰਵਾ ਕਈ ਵਾਰ ਆਪਣੀ ਪਤਨੀ ਨੂੰ ਫੋਨ ਲਗਾਇਆ। ਫੋਨ ਬਿਜ਼ੀ ਮਿਲਣ 'ਤੇ ਉਸ ਨੂੰ ਸ਼ੱਕ ਸੀ ਕਿ ਪਤਨੀ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਹੈ। ਇਸ ਨੂੰ ਲੈ ਕੇ ਲਲਿਤ ਕੋਰਵਾ ਕੁਆਰੰਟੀਨ ਸੈਂਟਰ 'ਚ ਪਰੇਸ਼ਾਨ ਰਹਿੰਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਲਲਿਤ ਕੋਰਵਾ ਬੁੱਧਵਾਰ ਦੀ ਰਾਤ ਕੁਆਰੰਟੀਨ ਸੈਂਟਰ ਦੀ ਛੱਤ ਤੋਂ ਛਾਲ ਮਾਰ ਕੇ ਦੌੜ ਗਿਆ। ਉੱਥੇ ਪਹੁੰਚ ਕੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਹੱਥ ਕੱਟ ਦਿੱਤਾ। ਉਸ ਤੋਂ ਬਾਅਦ ਉਹ ਘਰੋਂ ਦੌੜ ਗਿਆ। ਹੱਥ ਤੋਂ ਖੂਨ ਵਗ ਰਿਹਾ ਸੀ ਅਤੇ ਔਰਤ 2 ਸਾਲ ਦੇ ਬੇਟੇ ਨਾਲ ਉੱਥੇ ਤੜਫ ਰਹੀ ਸੀ। ਉਸ ਤੋਂ ਬਾਅਦ ਉਸ ਨੂੰ ਬਗੀਚਾ ਸਥਿਤ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ। ਜਿੱਥੇ ਸ਼ੁਰੂਆਤੀ ਟ੍ਰੀਟਮੈਂਟ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਅੰਬਿਕਾਪੁਰ ਭੇਜ ਦਿੱਤਾ ਹੈ।
ਲਲਿਤ ਦੇ ਕੁਆਰੰਟੀਨ ਸੈਂਟਰ ਤੋਂ ਦੌੜਨ ਤੋਂ ਬਾਅਦ ਜ਼ਿਲੇ 'ਚ ਹੜਕੰਪ ਮਚਿਆ ਹੋਇਆ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਜੇਲ ਭੇਜ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਤਨੀ ਪਿਆਰ ਬਾਈ ਦੀ ਸਥਿਤੀ ਹਾਲੇ ਗੰਭੀਰ ਹੈ। ਪੁਲਸ ਨੇ ਦੱਸਿਆ ਕਿ ਕੁਆਰੰਟੀਨ ਸੈਂਟਰ ਤੋਂ ਹੀ ਫੋਨ 'ਤੇ ਇਸ ਨੂੰ ਲੈ ਕੇ ਪਤਨੀ ਨਾਲ ਝਗੜਾ ਕਰਦਾ ਸੀ। ਦੋਸ਼ੀ ਲਲਿਤ ਓਡੀਸ਼ਾ ਦੇ ਇਕ ਬੋਰਵੇਲ ਕੰਪਨੀ 'ਚ ਕੰਮ ਕਰਦਾ ਸੀ।