ਇਸ ਸ਼ਖਸ ਨੇ 6 ਲੱਖ ਰੁਪਏ ਦੀ ਨੌਕਰੀ ਛੱਡੀ, ਹੁਣ ਬਣੇਗਾ ਜੈਨ ਭਿਖਸ਼ੂ
Tuesday, Jan 22, 2019 - 12:35 PM (IST)

ਸੂਰਤ— ਗੁਜਾਰਤ ਦੇ ਕਦਮ ਜੋਸ਼ੀ ਪੇਸ਼ੇ ਤੋਂ ਚਾਰਟਡ ਅਕਾਊਂਟੈਂਟ ਸੀ। ਉਸ ਨੂੰ ਆਪਣੀ ਕੰਪਨੀ ਦੀ ਫਾਈਲ ਕਲੀਅਰ ਕਰਵਾਉਣ ਲਈ ਸਰਕਾਰੀ ਕਰਮਚਾਰੀਆਂ ਨੂੰ ਰਿਸ਼ਵਤ ਦੇਣੀ ਪੈਂਦੀ ਸੀ। ਕਦਮ ਜੋ ਕਦੇ ਟਾਪ ਭਾਰਤੀ ਕਾਰਪੋਰੇਟਰਜ਼ ਨਾਲ ਕੰਮ ਕਰਨ ਦੀ ਇੱਛਾ ਰੱਖਦਾ ਸੀ, ਉਸ ਨੇ ਉਸ ਦਿਨ ਸਭ ਕੁਝ ਛੱਡ ਕੇ ਸੰਨਿਆਸ ਧਾਰਨ ਕਰਨ ਦਾ ਫੈਸਲਾ ਲਿਆ, ਜਿਸ ਦਿਨ ਉਸ ਨੂੰ ਇਕੱਠੇ 5 ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਪਈ। 25 ਸਾਲ ਦਾ ਚਾਰਟਰਡ ਅਕਾਊਂਟੈਂਟ ਕਦਮ ਜੋਸ਼ੀ ਇਕ ਹੀਰਾ ਵਪਾਰੀ ਦਾ ਬੇਟਾ ਹੈ। ਕਦਮ 10 ਫਰਵਰੀ ਨੂੰ ਸੈਂਕੜੇ ਭਗਤਾਂ ਦੀ ਮੌਜੂਦਗੀ 'ਚ ਆਪਣੇ ਗੁਰੂ ਤੋਂ ਦੀਕਸ਼ਾ ਲੈ ਕੇ ਜੈਨ ਭਿਖਸ਼ੂ ਬਣ ਜਾਵੇਗਾ।
ਗਲਤੀਆਂ ਤੋਂ ਦੂਰ ਰਹਿਣ ਲਈ ਚੁਣਿਆ ਇਹ ਰਸਤਾ
ਉਸ ਨੇ ਦੱਸਿਆ,''ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਹੋਏ ਮੈਨੂੰ ਸ਼ਹਿਰ ਦੇ ਸਰਕਾਰੀ ਦਫ਼ਤਰਾਂ 'ਚ ਜਾ ਕੇ ਫਾਈਲ ਪਾਸ ਕਰਵਾਉਣੀ ਹੁੰਦੀ ਸੀ। ਉੱਥੇ ਮੈਨੂੰ ਅਧਿਕਾਰੀ ਰਿਸ਼ਵਤ ਦੇਣ ਲਈ ਕਹਿੰਦੇ ਸਨ। ਇਕ ਦਿਨ ਮੈਨੂੰ 5 ਵੱਖ-ਵੱਖ ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਪਈ। ਮੈਂ ਉਸ ਦਿਨ ਬਹੁਤ ਉਦਾਸ ਸੀ ਅਤੇ ਸੋਚਣ ਲੱਗਾ ਕਿ ਐਜੂਕੇਸ਼ਨ ਕਿਸ ਕੰਮ ਦੀ ਹੈ, ਜਦੋਂ ਮੈਨੂੰ ਫਾਈਲ ਪਾਸ ਕਰਵਾਉਣ ਲਈ ਅਜਿਹੀਆਂ ਗੈਰ-ਕਾਨੂੰਨੀ ਪ੍ਰਕਿਰਿਆਵਾਂ ਨੂੰ ਅਪਣਾਉਣਾ ਪੈ ਰਿਹਾ ਹੈ।'' ਉਸ ਨੇ ਅੱਗੇ ਦੱਸਿਆ,''ਮੈਂ ਕਾਫੀ ਮਿਹਨਤ ਨਾਲ ਪੜ੍ਹਾਈ ਕੀਤੀ ਸੀ, ਇਸ ਸੁਪਨੇ ਨਾਲ ਕਿ ਸਮਾਜ ਦੀ ਮਦਦ ਕਰਾਂਗਾ ਅਤੇ ਸਿਸਟਮ ਨੂੰ ਸੁਧਾਰਾਂਗਾ ਪਰ ਇਕ ਪ੍ਰਾਈਵੇਟ ਫਰਮ 'ਚ ਕੁਝ ਮਹੀਨਿਆਂ ਤੱਕ ਸੀ.ਏ. ਦੇ ਰੂਪ 'ਚ ਅਭਿਆਸ ਕਰਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਕ ਦਿਨ ਮੈਨੂੰ ਵੀ ਇਨ੍ਹਾਂ ਗਲਤ ਪ੍ਰਕਿਰਿਆਵਾਂ ਦਾ ਸਹਾਰਾ ਲੈਣਾ ਪਵੇਗਾ। ਇਸ ਮੈਂ ਸਾਰੀਆਂ ਗਲਤੀਆਂ ਤੋਂ ਦੂਰ ਰਹਿਣ ਲਈ ਵੱਖ ਰਸਤਾ ਚੁਣਨ ਦਾ ਫੈਸਲਾ ਕੀਤਾ।''
ਸਾਲਾਨਾ ਕਮਾਈ ਸੀ 6 ਲੱਖ
ਕਦਮ ਨੇ ਜਦੋਂ ਨੌਕਰੀ ਛੱਡੀ ਉਸ ਸਮੇਂ ਉਸ ਦੀ ਸਾਲਾਨਾ ਕਮਾਈ 6 ਲੱਖ ਸੀ। ਉਸ ਦੇ ਪਿਤਾ ਪ੍ਰਭੂ ਹੀਰੇ ਦਾ ਕਾਰੋਬਾਰ ਕਰਦੇ ਹਨ ਅਤੇ ਉਸ ਦਾ ਸਾਲਾਨਾ ਟਰਨਓਵਰ ਕਰੀਬ 1.5 ਕਰੋੜ ਹੈ। ਕਦਮ ਦੇ 12ਵੀਂ 'ਚ 90 ਫੀਸਦੀ ਨੰਬਰ ਆਏ ਸਨ, 2014 'ਚ ਕਦਮ ਨੇ ਆਪਣਾ ਸੀ.ਏ. ਪੂਰਾ ਕੀਤਾ ਸੀ। ਕਦਮ ਨੇ ਦੱਸਿਆ,''ਮੈਂ ਬਚਪਨ 'ਚ ਹੀ ਜੈਨ ਧਰਮ ਦੇ ਬੁਨਿਆਦੀ ਗੱਲਾਂ ਦਾ ਸਮਰਥਕ ਰਿਹਾ ਹਾਂ ਪਰ ਸੰਨਿਆਸੀ ਬਣਨ ਦੀ ਕੋਈ ਯੋਜਨਾ ਨਹੀਂ ਸੀ। ਮੇਰੀ ਇਕ ਪ੍ਰੇਮਿਕਾ ਵੀ ਸੀ ਅਤੇ ਮੈਂ ਇਕ ਸਾਧਾਰਨ ਜੀਵਨ ਜਿਉਂਣਾ ਚਾਹੁੰਦਾ ਸੀ ਪਰ ਸੀ.ਏ. ਦੇ ਰੂਪ 'ਚ ਇਕ ਸਾਲ ਤੋਂ ਵਧ ਸਮੇਂ ਤੱਕ ਅਭਿਆਸ ਕਰਨ ਤੋਂ ਬਾਅਦ, ਮੈਂ ਅਸਲੀ ਖੁਸ਼ੀ ਲੱਭਣੀ ਸ਼ੁਰੂ ਕੀਤੀ ਅਤੇ ਇਸ ਲਈ ਸੰਨਿਆਸ ਧਾਰਨ ਕਰਨ ਦਾ ਫੈਸਲਾ ਕੀਤਾ।''