NEET ਵਿਦਿਆਰਥਣ ਦੀ ਮੌਤ ਦੀ ਕਰਵਾਈ ਜਾਵੇ CBI ਜਾਂਚ ! ਬਿਹਾਰ ਸਰਕਾਰ ਨੇ ਕੀਤੀ ਸਿਫਾਰਿਸ਼
Saturday, Jan 31, 2026 - 10:45 AM (IST)
ਨੈਸ਼ਨਲ ਡੈਸਕ- ਬਿਹਾਰ ਸਰਕਾਰ ਨੇ ਪਟਨਾ ਵਿੱਚ NEET ਦੀ ਤਿਆਰੀ ਕਰ ਰਹੀ ਇੱਕ 18 ਸਾਲਾ ਵਿਦਿਆਰਥਣ ਦੀ ਮੌਤ ਦੇ ਮਾਮਲੇ ਦੀ ਜਾਂਚ ਸੈਂਟ੍ਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਤੋਂ ਕਰਵਾਉਣ ਦੀ ਸਿਫਾਰਸ਼ ਕੀਤੀ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਘਟਨਾ ਦੇ ਪਾਰਦਰਸ਼ੀ ਅਤੇ ਨਿਰਪੱਖ ਖੁਲਾਸੇ ਲਈ ਇਹ ਕਦਮ ਚੁੱਕਿਆ ਹੈ।
ਜਹਾਨਾਬਾਦ ਦੀ ਰਹਿਣ ਵਾਲੀ ਇਹ ਵਿਦਿਆਰਥਣ ਇਸ ਮਹੀਨੇ ਦੇ ਸ਼ੁਰੂ ਵਿੱਚ ਪਟਨਾ ਦੇ ਚਿੱਤਰਗੁਪਤ ਨਗਰ ਸਥਿਤ ਆਪਣੇ ਹੋਸਟਲ ਦੇ ਕਮਰੇ ਵਿੱਚ ਬੇਹੋਸ਼ ਮਿਲੀ ਸੀ। ਕਈ ਦਿਨਾਂ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ 11 ਜਨਵਰੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ।
ਵਿਦਿਆਰਥਣ ਦੇ ਪਰਿਵਾਰ ਨੇ ਉਸ ਦਾ ਜਿਨਸੀ ਸ਼ੋਸ਼ਣ ਹੋਣ ਅਤੇ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਪੀੜਤ ਦੇ ਮਾਤਾ-ਪਿਤਾ ਅਨੁਸਾਰ, ਪੁਲਸ ਇਸ ਨੂੰ ਖੁਦਕੁਸ਼ੀ ਦੱਸ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ ਪੋਸਟਮਾਰਟਮ ਰਿਪੋਰਟ ਵਿੱਚ ਜਿਨਸੀ ਹਿੰਸਾ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਗਿਆ ਹੈ, ਜੋ ਕਿ ਪੁਲਸ ਦੇ ਸ਼ੁਰੂਆਤੀ ਦਾਅਵਿਆਂ ਦੇ ਉਲਟ ਹੈ।
ਇਸ ਮਾਮਲੇ ਵਿੱਚ ਪੁਲਸ ਨੇ ਹੋਸਟਲ ਦੇ ਇੱਕ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਇੱਕ ਵਿਸ਼ੇਸ਼ ਜਾਂਚ ਟੀਮ (SIT) ਇਸ ਦੀ ਜਾਂਚ ਕਰ ਰਹੀ ਸੀ, ਪਰ ਹੁਣ ਰਾਜ ਸਰਕਾਰ ਨੇ ਇਸ ਕੇਸ (ਨੰਬਰ 14/26) ਨੂੰ ਪੂਰੀ ਤਰ੍ਹਾਂ CBI ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ।
