ਨੂਹ ਗੈਂਗਰੇਪ ਤੇ ਦੋਹਰਾ ਕਤਲਕਾਂਡ ਮਾਮਲਾ : ਕੋਰਟ ਨੇ ਚਾਰ ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ
Sunday, May 05, 2024 - 01:00 PM (IST)
ਪੰਚਕੂਲਾ (ਭਾਸ਼)- ਹਰਿਆਣਾ ਦੇ ਪੰਚਕੂਲਾ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਅਦਾਲਤ ਨੇ 2016 ਦੇ ਨੂਹ ਸਮੂਹਿਕ ਜਬਰ ਜ਼ਿਨਾਹ ਅਤੇ ਦੋਹਰੇ ਕਤਲਕਾਂਡ 'ਚ ਚਾਰ ਦੋਸ਼ੀਆਂ ਨੂੰ ਸ਼ਨੀਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੀ.ਬੀ.ਆਈ. ਅਦਾਲਤ ਨੇ 10 ਅਪ੍ਰੈਲ ਨੂੰ ਹੇਮੰਤ ਚੌਹਾਨ, ਅਯਾਨ ਚੌਹਾਨ, ਵਿਨੇ ਅਤੇ ਜੈ ਭਗਵਾਨ ਨੂੰ ਦੋਹਰੇ ਕਤਲਕਾਂਡ, ਸਮੂਹਿਕ ਜਬਰ ਜ਼ਿਨਾਹ ਅਤੇ ਡਕੈਤੀ ਦੀ ਘਟਨਾ ਦਾ ਦੋਸ਼ੀ ਠਹਿਰਾਇਆ। ਇਹ ਘਟਨਾ ਹਰਿਆਣਾ ਦੇ ਨੂਹ 'ਚ 24-25 ਅਗਸਤ 2016 ਦੀ ਦਰਮਿਆਨੀ ਰਾਤ ਦੀ ਹੈ। ਸੀ.ਬੀ.ਆਈ. ਨੇ ਇਕ ਬਿਆਨ 'ਚ ਕਿਹਾ ਕਿ ਅਦਾਲਤ ਨੇ ਦੋਸ਼ੀਆਂ 'ਤੇ ਕੁੱਲ 8.20 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਦੋਸ਼ੀਆਂ ਨੇ ਇਕ ਨਾਬਾਲਗ ਸਮੇਤ 2 ਔਰਤਾਂ ਨਾਲ ਉਨ੍ਹਾਂ ਦੇ ਘਰ 'ਤੇ ਸਮੂਹਿਕ ਜਬਰ ਜ਼ਿਨਾਹ ਕੀਤਾ ਸੀ ਅਤੇ ਉਸ ਤੋਂ ਬਾਅਦ ਗਹਿਣੇ ਅਤੇ ਨਕਦੀ ਲੁੱਟੀ ਸੀ। ਇਸ ਘਟਨਾ 'ਚ 2 ਲੋਕਾਂ ਦੀ ਮੌਤ ਹੋ ਗਈ ਸੀ।
ਹਰਿਆਣਾ ਪੁਲਸ ਨੇ ਵੱਖ-ਵੱਖ ਦੋਸ਼ੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਰਾਜ ਸਰਕਾਰ ਦੇ ਨਿਰਦੇਸ਼ 'ਤੇ ਸੀ.ਬੀ.ਆਈ. ਨੇ ਘਟਨਾ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਏਜੰਸੀ ਨੇ ਪੂਰੀ ਜਾਂਚ ਤੋਂ ਬਾਅਦ 24 ਜਨਵਰੀ 2018 ਅਤੇ 29 ਜਨਵਰੀ 2019 ਨੂੰ 2 ਦੋਸ਼ ਪੱਤਰ ਦਾਇਰ ਕੀਤੇ ਸਨ। ਸੀ.ਬੀ.ਆਈ. ਦੇ ਬੁਲਾਰੇ ਨੇ ਦੱਸਿਆ,''ਹੇਠਲੀ ਅਦਾਲਤ ਨੇ 10 ਅਪ੍ਰੈਲ 2024 ਨੂੰ ਉਪਰੋਕਤ ਚਾਰ ਦੋਸ਼ੀਆਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 120 ਬੀ, 302, 307, 376-ਡੀ, 323, 459, 460 ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ 2012 ਦੀ ਧਾਰਾ 6 ਦੇ ਅਧੀਨ ਦੋਸ਼ੀ ਠਹਿਰਾਇਆ ਸੀ ਅਤੇ ਸਜ਼ਾ ਸੁਣਾਉਣ ਤੋਂ ਬਾਅਦ ਦੀ ਤਾਰੀਖ਼ ਤੈਅ ਕੀਤੀ ਸੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8