ਨਵੇਂ ਸੰਸਦ ਭਵਨ ਦੀ ਸ਼ੋਭਾ ਵਧਾਉਣਗੇ ਕਸ਼ਮੀਰ ਦੇ ਕਾਰਪੇਟ, ਇਕ ਸਾਲ ਤੋਂ ਕੀਤੇ ਜਾ ਰਹੇ ਹਨ ਤਿਆਰ

Tuesday, Sep 06, 2022 - 11:39 AM (IST)

ਨਵੇਂ ਸੰਸਦ ਭਵਨ ਦੀ ਸ਼ੋਭਾ ਵਧਾਉਣਗੇ ਕਸ਼ਮੀਰ ਦੇ ਕਾਰਪੇਟ, ਇਕ ਸਾਲ ਤੋਂ ਕੀਤੇ ਜਾ ਰਹੇ ਹਨ ਤਿਆਰ

ਜੰਮੂ- ਕਸ਼ਮੀਰ ਦੇ ਵਿਸ਼ਵ-ਪ੍ਰਸਿੱਧ ਰਵਾਇਤੀ ਹੱਥਾਂ ਨਾਲ ਬਣੇ ਕਾਰਪੇਟ ਦਿੱਲੀ ਵਿਚ ਨਿਰਮਾਣ ਅਧੀਨ ਨਵੇਂ ਸੰਸਦ ਭਵਨ ਦੀ ਸ਼ੋਭਾ ਵਧਾਉਣਗੇ। ਇਨ੍ਹਾਂ ਗਲੀਚਿਆਂ ਨੂੰ ਹੁਣ ਬਡਗਾਮ ਜ਼ਿਲ੍ਹੇ ਦੇ ਦੂਰ-ਦੁਰਾਡੇ ਤੋਂ ਬੁਣਕਰਾਂ ਦੁਆਰਾ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਖਗ ਪਿੰਡ ਦੇ ਕਰੀਬ 50 ਜੁਲਾਹੇ ਅਤੇ ਕਾਰੀਗਰਾਂ ਦਾ ਇਕ ਸਮੂਹ ਪਿਛਲੇ ਇਕ ਸਾਲ ਤੋਂ ਇਨ੍ਹਾਂ ਗਲੀਚਿਆਂ ਦੀ ਬੁਣਾਈ ਕਰ ਰਿਹਾ ਹੈ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਲੀ ਦੀ ਇਕ ਕੰਪਨੀ ਨੇ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਨਵੀਂ ਇਮਾਰਤ ਵਿਚ ਹੋਵੇਗਾ, ਜੋ ਕਿ ਨਰਿੰਦਰ ਮੋਦੀ ਸਰਕਾਰ ਦੇ ਅਭਿਲਾਸ਼ੀ ਸੈਂਟਰਲ ਵਿਸਟਾ ਪੁਨਰ ਵਿਕਾਸ ਪ੍ਰਾਜੈਕਟ ਦੇ ਹਿੱਸੇ ਵਜੋਂ ਨਿਰਮਾਣ ਅਧੀਨ ਹੈ।

ਇਹ ਵੀ ਪੜ੍ਹੋ : 62 ਸਾਲ ਪਹਿਲਾਂ ਤਾਮਿਲਨਾਡੂ ਦੇ ਮੰਦਰ ਤੋਂ ਚੋਰੀ ਹੋਈ ਭਗਵਾਨ ਨਟਰਾਜ ਦੀ ਮੂਰਤੀ ਅਮਰੀਕਾ 'ਚ ਮਿਲੀ

ਪਿਛਲੇ ਸਾਲ ਅਕਤੂਬਰ ਵਿਚ ਮਿਲਿਆ ਸੀ 12 ਕਾਰਪੇਟ ਦਾ ਆਰਡਰ

ਤਾਹਿਰੀ ਕਾਰਪੇਟਸ ਦੇ ਕਮਰ ਅਲੀ ਖਾਨ ਨੇ ਕਿਹਾ,“ਸਾਨੂੰ ਪਿਛਲੇ ਸਾਲ ਅਕਤੂਬਰ ਵਿਚ ਨਵੇਂ ਸੰਸਦ ਭਵਨ ਲਈ 12 ਕਾਰਪੇਟਾਂ ਦਾ ਆਰਡਰ ਮਿਲਿਆ ਸੀ।” ਖਾਨ ਦਾ ਪਰਿਵਾਰ ਪਿਛਲੇ 32 ਸਾਲਾਂ ਤੋਂ ਕਾਰਪੇਟ ਬੁਣਨ ਅਤੇ ਨਿਰਯਾਤ ਕਰਨ ਵਿਚ ਰੁੱਝਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਸਦ ਲਈ ਗਲੀਚੇ ਬੁਣਨ ਦੀ ਜ਼ਿੰਮੇਵਾਰੀ ਮਿਲਣਾ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ। ਉਸ ਨੇ ਕਿਹਾ,“ਹੱਥਾਂ ਨਾਲ ਬੁਣੇ ਹੋਏ ਕਾਰਪੇਟ ਸਾਡੀ ਕਲਾ ਹਨ ਅਤੇ ਪੂਰੀ ਦੁਨੀਆ ਵਿਚ ਮਸ਼ਹੂਰ ਹਨ ਪਰ ਬਦਕਿਸਮਤੀ ਨਾਲ ਇਹ ਕੰਮ ਕਈ ਕਾਰਨਾਂ ਕਰਕੇ ਰੁਕ ਗਿਆ। ਹੁਣ ਇਸ ਪ੍ਰਾਜੈਕਟ ਨਾਲ ਅਸੀਂ ਇਸ ਕੰਮ ਵਿਚ ਮੁੜ ਤੇਜ਼ੀ ਆਉਣ ਦੀ ਉਮੀਦ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਸੰਸਦ ਭਵਨ ਲਈ 11 ਗੁਣਾ 8 ਫੁੱਟ ਦਾ ਕਾਰਪੇਟ ਬੁਣਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਖ਼ੁਦ ਨੂੰ ਜ਼ਿੰਦਾ ਸਾਬਿਤ ਕਰਨ ਲਈ ਦਰ-ਦਰ ਭਟਕ ਰਿਹੈ ਓਮ ਪ੍ਰਕਾਸ਼, ਜਾਣੋ ਪੂਰਾ ਮਾਮਲਾ

ਇਸ ਪ੍ਰਾਜੈਕਟ ਨਾਲ ਜੁੜੇ ਹਨ ਕਈ ਪਰਿਵਾਰ

ਖਾਨ ਨੇ ਕਿਹਾ,“ਇਹ ਕਾਰਪੇਟ ਇਕ ਗੋਲ ਆਕਾਰ ਵਿਚ ਵਿਛਾਏ ਜਾਣਗੇ। ਇਸ ਲਈ ਹਰੇਕ ਕਾਰਪੇਟ ਦੀ ਚੌੜਾਈ ਇੱਕੋ ਜਿਹੀ ਨਹੀਂ ਹੈ ਪਰ ਘੱਟੋ-ਘੱਟ ਚੌੜਾਈ ਚਾਰ ਫੁੱਟ ਹੈ।" ਉਨ੍ਹਾਂ ਕਿਹਾ, ''ਇਸ ਪ੍ਰਾਜੈਕਟ ਨਾਲ 50 ਬੁਣਕਰ ਜੁੜੇ ਹੋਏ ਹਨ ਜਦਕਿ 12 ਪਰਿਵਾਰ ਕੱਚਾ ਮਾਲ ਅਤੇ ਡਿਜ਼ਾਈਨ ਮੁਹੱਈਆ ਕਰਵਾ ਰਹੇ ਹਨ।'' ਖਾਨ ਨੇ ਦੱਸਿਆ ਕਿ ਪ੍ਰਾਜੈਕਟ ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਬਾਕੀ ਕੰਮ ਅਗਲੇ 20 ਦਿਨਾਂ 'ਚ ਪੂਰਾ ਹੋ ਜਾਵੇਗਾ। 

ਡਿਜ਼ਾਈਨ ਤਿਆਰ ਕਰਨ 'ਚ ਲੱਗਾ 3 ਮਹੀਨਿਆਂ ਦਾ ਸਮਾਂ 

ਉਨ੍ਹਾਂ ਕਿਹਾ,''ਡਿਜ਼ਾਈਨ ਤਿਆਰ ਕਰਨ 'ਚ ਕਰੀਬ 3 ਮਹੀਨਿਆਂ ਦਾ ਸਮਾਂ ਲੱਗਾ ਅਤੇ ਉਸ ਤੋਂ ਬਾਅਦ ਅਸਲ ਕੰਮ ਸ਼ੁਰੂ ਹੋਇਆ। ਸਾਨੂੰ ਇਸ ਮਹੀਨੇ ਦੇ ਅੰਤ ਤੱਕ ਕੰਮ ਪੂਰਾ ਹੋਣ ਦੀ ਉਮੀਦ ਹੈ। ਅਸੀਂ ਪਹਿਲੇ ਹੀ 9 ਕਾਰਪੇਟ ਕੰਪਨੀ ਨੂੰ ਸੌਂਪ ਚੁੱਕੇ ਹਾਂ। ਕਾਰਪੇਟ ਦੀ ਵਰਤੋਂ ਕਰਨ ਤੋਂ ਪਹਿਲਾਂ ਧੁਆਈ ਅਤੇ ਕੁਝ ਅੰਤਿਮ ਕੰਮ ਕੀਤਾ ਜਾਂਦਾ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News