ਹੀਰਾ ਵਪਾਰੀ ਨੇ ਪੂਰੇ ਪਰਿਵਾਰ ਨਾਲ ਕੀਤਾ ਭਿਖਸ਼ੂ ਬਣਨ ਦਾ ਫੈਸਲਾ
Saturday, Apr 21, 2018 - 12:01 PM (IST)

ਸੂਰਤ— ਗੁਜਰਾਤ ਦੇ ਸੂਰਤ 'ਚ ਹੀਰਾ ਵਪਾਰੀ ਦੀਪੇਸ਼ ਸ਼ਾਹ ਦੇ 12 ਸਾਲਾ ਬੇਟੇ ਭਵਯ ਜੈਨ ਦੇ ਭਿਖਸ਼ੂ ਬਣਨ ਤੋਂ ਬਾਅਦ ਹੁਣ ਸ਼ਹਿਰ ਦੇ ਇਕ ਹੋਰ ਵਪਾਰੀ ਨੇ ਪਰਿਵਾਰ ਸਮੇਤ ਉਨ੍ਹਾਂ ਦਾ ਅਨੁਸਰਨ ਕਰਨ ਦਾ ਫੈਸਲਾ ਕੀਤਾ ਹੈ। ਸੂਰਤ ਦੇ ਉਕਤ ਵਪਾਰੀ ਪਰਿਵਾਰ ਨੇ ਆਉਣ ਵਾਲੀ 25 ਅਪ੍ਰੈਲ ਨੂੰ ਰੀਤੀ-ਰਿਵਾਜ਼ਾਂ ਨਾਲ ਦੀਕਸ਼ਾ ਲੈਣ ਦਾ ਐਲਾਨ ਕੀਤਾ ਹੈ। ਸੂਰਤ 'ਚ ਹੀਰੇ ਦਾ ਵਪਾਰ ਕਰਨ ਵਾਲੇ ਉਕਤ ਬਿਜ਼ਨੈੱਸਮੈਨ ਨੇ ਆਪਣੀ ਪਤਨੀ ਅਤੇ 2 ਬੱਚਿਆਂ ਨਾਲ 25 ਅਪ੍ਰੈਲ ਨੂੰ ਅਹਿਮਦਾਬਾਦ 'ਚ ਆਯੋਜਿਤ ਹੋਣ ਜਾ ਰਹੇ ਇਕ ਸਮਾਰੋਹ 'ਚ ਦੀਕਸ਼ਾ ਲੈਣ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਭਿਖਸ਼ੂ ਬਣਨ ਵਾਲੇ ਵਪਾਰੀ ਦੀ ਬੇਟੀ ਨੂੰ ਕੁਝ ਸਮੇਂ ਪਹਿਲਾਂ ਸਾਊਥ ਗੁਜਰਾਤ ਯੂਨੀਵਰਸਿਟੀ 'ਚ ਟਾਪ ਕਰਨ 'ਤੇ ਪੀ.ਐੱਮ. ਨਰਿੰਦਰ ਮੋਦੀ ਵੱਲੋਂ ਸਨਮਾਨਤ ਕੀਤਾ ਜਾ ਚੁਕਿਆ ਹੈ, ਉੱਥੇ ਹੀ ਉਨ੍ਹਾਂ ਦਾ ਬੇਟਾ ਫਿਲਹਾਲ ਸੀ.ਏ. ਦੀ ਪੜ੍ਹਾਈ ਕਰ ਰਿਹਾ ਹੈ।
24 ਸਾਲ ਦੇ ਸੀ.ਏ. ਮੋਕਸ਼ੇਸ਼ ਵੀ ਬਣੇ ਸਨ ਭਿਖਸ਼ੂ
ਜ਼ਿਕਰਯੋਗ ਹੈ ਕਿ ਗੁਜਰਾਤ 'ਚ ਇਸ ਤੋਂ ਪਹਿਲਾਂ ਵੀ ਕਈ ਵੱਡੇ ਬਿਜ਼ਨੈੱਸਮੈਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੇ ਸੰਨਿਆਸ ਦੇ ਰਸਤੇ 'ਤੇ ਜਾਣ ਦਾ ਫੈਸਲਾ ਲਿਆ ਸੀ। ਸੂਰਤ ਦੇ ਵਪਾਰੀ ਦੀਪੇਸ਼ ਸ਼ਾਹ ਦੇ ਬੇਟੇ ਭਵਯ ਜੈਨ ਦੇ ਸੰਨਿਆਸੀ ਬਣਨ ਤੋਂ ਪਹਿਲਾਂ ਇਕ ਵਪਾਰੀ ਪਰਿਵਾਰ ਨਾਲ ਤਾਲੁਕ ਰੱਖਣ ਵਾਲੇ 24 ਸਾਲ ਦੇ ਸੀ.ਏ. ਮੋਕਸ਼ੇਸ਼ ਸ਼ਾਹ ਆਪਣਾ 100 ਕਰੋੜ ਦਾ ਵਪਾਰ ਛੱਡ ਜੈਨ ਮੁੰਨੀ ਬਣ ਗਏ ਸਨ। ਮੂਲ ਰੂਪ ਨਾਲ ਗੁਜਰਾਤ ਦੇ ਰਹਿਣ ਵਾਲੇ ਮੋਕਸ਼ੇਸ਼ ਨੇ 20 ਮਾਰਚ ਨੂੰ ਦੀਕਸ਼ਾ ਲਈ ਸੀ। ਮੋਕਸ਼ੇਸ਼ ਮਹਾਰਾਸ਼ਟਰ ਦੇ ਕੋਲਹਾਪੁਰ 'ਚ ਐਲੂਮੀਨੀਅਮ ਵਪਾਰੀ ਪਰਿਵਾਰ ਨਾਲ ਤਾਲੁਕ ਰੱਖਦੇ ਹਨ।