ਸ਼ਮਸ਼ਾਨ ਦੀ ਜਗ੍ਹਾ ਬਣੀ ਵਿਧਾਨ ਸਭਾ ਦੀ ਇਮਾਰਤ! ਆਤਮਾਵਾਂ ਦੀ ਸ਼ਾਂਤੀ ਲਈ ਹੋਵੇਗੀ ਪੂਜਾ

02/23/2018 4:58:08 PM

ਰਾਜਸਥਾਨ— ਇਕ ਪਾਸੇ ਸਰਕਾਰ ਅੰਧਵਿਸ਼ਵਾਸ ਦੇ ਖਿਲਾਫ ਮੁਹਿੰਮ ਚਲਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਵਿਧਾਇਕਾਂ ਵੱਲੋਂ ਉਨ੍ਹਾਂ ਦੇ ਸਦਨ 'ਚ ਹੀ ਭੂਤ ਹੋਣ ਦੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਰਾਜਸਥਾਨ ਦੇ ਭਾਜਪਾ ਵਿਧਾਇਕਾਂ ਨੂੰ ਇੰਨੀਂ ਦਿਨੀਂ ਭੂਤਾਂ ਦਾ ਡਰ ਸਤਾ ਰਿਹਾ ਹੈ। ਤਿੰਨ ਉੱਪ ਚੋਣਾਂ ਹਾਰਨ ਅਤੇ 2 ਭਾਜਪਾ ਵਿਧਾਇਕਾਂ ਦੀ ਮੌਤ ਤੋਂ ਬਾਅਦ ਵਿਧਾਨ ਸਭਾ 'ਚ ਪਿਛਲੇ 2 ਦਿਨਾਂ ਤੋਂ ਭੂਤ, ਚੁੜੈਲ 'ਤੇ ਮੰਥਨ ਚੱਲ ਰਿਹਾ ਹੈ। ਵਿਧਾਇਕਾਂ ਨੇ ਸੂਬੇ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਸਾਹਮਣੇ ਆਤਮਾਵਾਂ ਦੀ ਸ਼ਾਂਤੀ ਲਈ ਹਵਨ ਕਰਵਾਉਣ ਅਤੇ ਪੰਡਤਾਂ ਨੂੰ ਭੋਜਨ ਕਰਵਾਉਣ ਦਾ ਪ੍ਰਸਤਾਵ ਰੱਖਿਆ ਹੈ।
ਵਿਧਾਨ ਸਭਾ 'ਚ ਭੂਤ
ਭਾਜਪਾ ਦੇ ਇਨ੍ਹਾਂ ਵਿਧਾਇਕਾਂ ਦਾ ਦਾਅਵਾ ਹੈ ਕਿ ਭੂਤ ਬਹੁਤ ਪਰੇਸ਼ਾਨ ਕਰ ਰਹੇ ਹਨ। ਜਿਸ ਵਿਧਾਨ ਸਭਾ 'ਚ ਅੰਧਵਿਸ਼ਵਾਸ ਨੂੰ ਖਤਮ ਕਰਨ ਲਈ ਕਈ ਵਾਰ ਕਾਨੂੰਨ ਤੱਕ ਬਣ ਚੁਕੇ ਹਨ ਪਰ ਅੱਜ ਉਸੇ ਵਿਧਾਨ ਸਭਾ 'ਚ ਵਿਧਾਇਕਾਂ ਨੂੰ ਭੂਤ ਦਾ ਡਰ ਸਤਾ ਰਿਹਾ ਹੈ। ਰਾਜਸਥਾਨ ਦੇ ਭਾਜਪਾ ਵਿਧਾਇਕ ਅੰਧਵਿਸ਼ਵਾਸ 'ਚ ਡੁੱਬੇ ਹੋਏ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ 'ਚ ਵਿਧਾਇਕਾਂ ਦੀ ਸੰਖਿਆ ਇਕੱਠੇ 200 ਨਹੀਂ ਹੋ ਪਾ ਰਹੀ ਹੈ। ਕਿਸੇ ਨਾ ਕਿਸੇ ਵਿਧਾਇਕ ਦੀ ਮੌਤ ਹੋ ਰਹੀ ਹੈ। ਆਲਮ ਇਹ ਹੈ ਕਿ ਹਰ 5 ਸਾਲ ਬਾਅਦ ਸਰਕਾਰ ਵੀ ਬਦਲ ਰਹੀ ਹੈ।
ਭਾਜਪਾ ਦੀ ਹਾਰ
ਹੱਦ ਤਾਂ ਇਹ ਹੋ ਗਈ ਹੈ ਕਿ ਤਿੰਨ ਉੱਪ ਚੋਣਾਂ 'ਚ 17 ਵਿਧਾਨ ਸਭਾ 'ਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਕ ਵਾਰ ਫਿਰ ਤੋਂ ਸਰਕਾਰ ਜਾਣ ਦਾ ਖਤਰਾ ਸਤਾਉਣ ਲੱਗਾ ਹੈ। ਅਜਿਹੇ 'ਚ ਵਿਧਾਇਕ ਇਨ੍ਹਾਂ ਸਾਰਿਆਂ ਲਈ ਆਤਮਾਵਾਂ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਇਹ ਵਿਧਾਇਕ ਕਹਿ ਰਹੇ ਹਨ ਕਿ ਵਿਧਾਨ ਸਭ 'ਤੇ ਕਿਸੇ ਆਤਮਾ ਦਾ ਸਾਇਆ ਹੈ। ਵਿਧਾਇਕਾਂ ਨੇ ਮੁੱਖ ਮੰਤਰੀ ਵਸੁੰਧਰਾ ਰਾਜੇ ਤੋਂ ਵਿਧਾਨ ਸਭਾ 'ਚ ਪੂਜਾ-ਪਾਠ ਅਤੇ ਹਵਨ ਕਰਵਾਉਣ ਦੇ ਨਾਲ-ਨਾਲ ਬ੍ਰਹਮਭੋਜ ਕਰਵਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ 'ਤੇ ਵਿਧਾਨ ਸਭਾ 'ਚ ਬਹਿਸ ਵੀ ਹੋਈ ਹੈ।
ਭਾਜਪਾ ਵਿਧਾਇਕ ਅਸ਼ਰਫੀ ਨੇ ਸਭ ਤੋਂ ਪਹਿਲਾਂ ਰੱਖਿਆ ਪ੍ਰਸਤਾਵ
ਇਸ ਬਾਰੇ ਸਭ ਤੋਂ ਪਹਿਲਾਂ ਪ੍ਰਸਤਾਵ ਨਾਗੌਰ ਤੋਂ ਭਾਜਪਾ ਵਿਧਾਇਕ ਹਬੀਬੁਰਹਿਮਾਨ ਅਸ਼ਰਫੀ ਨੇ ਰੱਖਿਆ। ਅਸ਼ਰਫੀ ਨੇ ਕਿਹਾ,''ਮੈਂ ਇਸ ਲਈ ਇਹ ਮੁੱਦਾ ਚੁੱਕਿਆ, ਕਿਉਂਕਿ ਇੱਥੇ ਜੋ ਚੱਲ ਰਿਹਾ ਹੈ, ਉਹ ਠੀਕ ਨਹੀਂ ਹੈ। ਮੈਂ ਭੂਤਾਂ ਨੂੰ ਮੰਨਦਾ ਹਾਂ ਅਤੇ ਇੱਥੇ ਪੂਜਾ ਹੋਈ ਤਾਂ ਭੂਤ ਨਿਕਲੇਗਾ।'' ਇਸ ਤੋਂ ਬਾਅਦ ਸਾਰੇ ਵਿਧਾਇਕਾਂ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ। ਸ਼ਰੇਆਮ ਵਿਧਾਇਕ ਕਹਿ ਰਹੇ ਹਨ ਕਿ ਕੋਈ ਉਪਾਅ ਹੋਏ ਤਾਂ ਇੱਥੋਂ ਭੂਤ ਜ਼ਰੂਰ ਦੌੜਨਗੇ। ਭਾਜਪਾ ਵਿਧਾਇਕ ਗਿਆਨਦੇਵ ਆਹੂਜਾ ਨੇ ਤਾਂ ਇਹ ਤੱਕ ਕਹਿ ਦਿੱਤਾ,''ਇੱਥੇ ਕੁਝ ਨਾ ਕੁਝ ਜ਼ਰੂਰ ਹੈ। ਮੈਂ ਭੂਤਾਂ ਨੂੰ ਮੰਨਦਾ ਹਾਂ ਅਤੇ ਮੈਂ ਭੂਤ ਨੂੰ ਦੇਖਿਆ ਵੀ ਹੈ।''
ਸ਼ਮਸ਼ਾਨ ਦੀ ਜਗ੍ਹਾ 'ਤੇ ਬਣੀ ਹੈ ਵਿਧਾਨ ਸਭਾ
ਭਾਜਪਾ ਦੇ ਕੁਝ ਵਿਧਾਇਕਾਂ ਨੇ ਕਿਹਾ ਕਿ ਜਿੱਥੇ ਵਿਧਾਨ ਸਭਾ ਬਣੀ ਹੈ, ਉੱਥੇ ਪਹਿਲਾਂ ਸ਼ਮਸ਼ਾਨ ਸੀ। ਇੱਥੇ ਬੱਚੇ ਦਫਨਾਏ ਜਾਂਦੇ ਸਨ। ਹੋ ਸਕਦਾ ਹੈ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਨਾ ਮਿਲੀ ਹੋਵੇ, ਜਿਸ ਕਾਰਨ ਵਿਧਾਨ ਸਭਾ 'ਚ ਇਕੱਠੇ ਕਦੇ ਵੀ 200 ਵਿਧਾਇਕ ਨਹੀਂ ਰਹਿ ਸਕੇ। ਕੁਝ ਵਿਧਾਇਕਾਂ ਨੇ ਕਿਹਾ ਕਿ ਵਿਧਾਨ ਸਭਾ ਦਾ ਵਾਸਤੂ ਠੀਕ ਨਹੀਂ ਹੈ, ਜਿਸ ਕਾਰਨ ਅਪਸ਼ਗੁਨ ਹੋ ਰਹੇ ਹਨ। ਦੱਖਣੀ-ਪੱਛਮੀ ਦਾ ਹਿੱਸਾ ਵੀ ਹੇਠਾਂ ਝੁੱਕਿਆ ਹੋਇਆ ਹੈ, ਜੋ ਹੁਣ ਤੱਕ ਠੀਕ ਨਹੀਂ ਹੋਇਆ ਹੈ। ਵਿਧਾਨ ਸਭਾ ਦੇ ਮੁੱਖ ਸਚੇਤਕ ਕਾਲੂ ਲਾਲ ਗੁੱਜਰ ਨੇ ਕਿਹਾ ਕਿ ਵਿਧਾਨ ਸਭਾ 'ਚ ਹਵਨ ਕਰਵਾਇਆ ਜਾਵੇਗਾ।
ਆਤਮਾਵਾਂ ਦੀ ਮੌਜੂਦਗੀ ਦੀ ਜਾਂਚ ਨੂੰ ਕਮੇਟੀ
ਮਾਮਲੇ ਨੂੰ ਲੈ ਕੇ ਸੰਸਦੀ ਕਾਰਜ ਮੰਤਰੀ ਰਾਜੇਂਦਰ ਰਾਠੌੜ ਨੇ ਤਾਂ ਵਿਧਾਨ ਸਭਾ ਡਿਪਟੀ ਸਪੀਕਰ ਦੇ ਸਾਹਮਣੇ ਇਹ ਪ੍ਰਸਤਾਵ ਤੱਕ ਰੱਖ ਦਿੱਤਾ ਕਿ ਇਸ ਲਈ ਇਕ ਕਮੇਟੀ ਬਣਾਈ ਜਾਵੇ, ਜੋ ਇਸ ਦੀ ਜਾਂਚ ਕਰੇ ਕਿ ਸਦਨ 'ਚ ਆਤਮਾ ਮੌਜੂਦ ਹੈ ਜਾਂ ਨਹੀਂ? ਵਿਧਾਨ ਸਭਾ 'ਚ ਭਾਜਪਾ ਦੇ ਮੁੱਖ ਸਚੇਤਕ ਕਾਲੂ ਲਾਲ ਗੁੱਜਰ ਨੇ ਦੱਸਿਆ ਕਿ ਜਦੋਂ ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਮੰਗ ਰੱਖੀ ਤਾਂ ਅਸੀਂ ਕਿਹਾ ਕਿ ਇਕ ਵਾਰ ਪੂਜਾ ਕਰਵਾਉਣ 'ਚ ਕੀ ਪਰੇਸ਼ਾਨੀ ਹੈ?
17 ਸਾਲਾਂ 'ਚ 8 ਵਿਧਾਇਕਾਂ ਦੀ ਮੌਤ
ਫਰਵਰੀ 2001 'ਚ ਰਾਜਸਥਾਨ ਵਿਧਾਨ ਸਭਾ ਇਸ ਨਵੇਂ ਭਵਨ 'ਚ ਸ਼ਿਫਟ ਹੋਈ ਸੀ, ਉਦੋਂ ਅਸ਼ੋਕ ਗਹਿਲੋਤ ਦੀ ਸਰਕਾਰ ਸੀ ਅਤੇ ਉਦੋਂ ਤੋਂ ਕੋਈ ਸਰਕਾਰ ਦੁਬਾਰਾ ਸੱਤਾ 'ਚ ਨਹੀਂ ਆਈ। ਇਸ ਦੇ ਬਾਅਦ ਤੋਂ 17 ਸਾਲਾਂ 'ਚ 8 ਵਿਧਾਇਕਾਂ ਦੀ ਮੌਤ ਸਦਨ ਦੇ ਮੈਂਬਰ ਰਹਿਣ ਦੌਰਾਨ ਹੋਈ, ਜਦੋਂ ਕਿ ਜੇਲ 'ਚ ਬੰਦ ਵਿਧਾਇਕ ਨੂੰ ਲੱਗਦਾ ਹੈ ਕਿ ਇਨ੍ਹਾਂ ਸਾਰਿਆਂ ਲਈ ਸਦਨ 'ਚ ਮੌਜੂਦ ਭੂਤ ਹੀ ਜ਼ਿੰਮੇਵਾਰ ਹਨ।


Related News