ਪਤੰਗ ਫੜ੍ਹਨ ਲਈ ਖੇਤਾਂ ''ਚ ਗਿਆ ਸੀ ਮੁੰਡਾ, ਹੋਇਆ ਕੁਝ ਅਜਿਹਾ ਕਿ ਚਲੀ ਗਈ ਜਾਨ
Monday, Feb 03, 2025 - 03:33 PM (IST)
ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਸ਼ੇਖਪੁਰਾ ਖਾਲਸਾ 'ਚ 10 ਸਾਲ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਪਰਿਵਾਰ ਵਲੋਂ ਬੱਚੇ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ।
ਖੇਤਾਂ 'ਚ ਕੱਟੀ ਹੋਈ ਪਤੰਗ ਫੜ੍ਹਨ ਗਿਆ ਸੀ ਆਦਿਤਿਆ
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਦਾ ਨਾਂ ਆਦਿਤਿਆ ਸੀ, ਉਹ ਕਰਨਾਲ ਦੇ ਸ਼ੇਖਪੁਰ ਖਾਲਸਾ ਪਿੰਡ ਦਾ ਰਹਿਣ ਵਾਲਾ ਸੀ। ਬਸੰਤ ਪੰਚਮੀ ਦੇ ਦਿਨ ਉਹ ਕੱਟੀ ਹੋਈ ਪਤੰਗ ਨੂੰ ਫੜ੍ਹਨ ਲਈ ਖੇਤਾਂ ਵਿਚ ਗਿਆ ਸੀ। ਕਈ ਘੰਟੇ ਬੀਤੇ ਜਾਣ ਮਗਰੋਂ ਵੀ ਜਦੋਂ ਪਰਿਵਾਰ ਵਾਲਿਆਂ ਨੂੰ ਉਹ ਨਜ਼ਰ ਨਹੀਂ ਆਇਆ ਤਾਂ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਖੇਤਾਂ ਵਿਚ ਪਤੰਗ ਲੱਭਣ ਲਈ ਗਿਆ। ਪਰਿਵਾਰ ਵਾਲੇ ਉਸ ਦੀ ਭਾਲ ਕਰਨ ਨਿਕਲੇ, ਜਿੱਥੇ ਆਦਿਤਿਆ ਦੀ ਲਾਸ਼ ਖੇਤਾਂ ਵਿਚ ਬੁਰੀ ਹਾਲਤ ਵਿਚ ਪਈ ਮਿਲੀ।
ਪਿੰਡ 'ਚ ਪਸਰਿਆ ਮਾਤਮ
ਪਰਿਵਾਰ ਨੇ ਦੱਸਿਆ ਕਿ ਆਦਿਤਿਆ ਸ਼ਾਮ ਨੂੰ ਘਰ ਤੋਂ ਬਾਹਰ ਗਿਆ ਸੀ ਅਤੇ ਇਕੱਲੇ ਹੀ ਕੱਟੀ ਹੋਈ ਪਤੰਗ ਦੇ ਪਿੱਛ-ਪਿੱਛੇ ਖੇਤਾਂ ਵਿਚ ਨਿਕਲ ਗਿਆ। ਕੱਟੀ ਪਤੰਗ ਨੂੰ ਫੜ੍ਹਨ ਦੇ ਚੱਕਰ ਵਿਚ ਉਹ ਕੁੱਤਿਆਂ ਦਾ ਸ਼ਿਕਾਰ ਬਣ ਗਿਆ। ਪਿਤਾ ਦਲੀਪ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਦੱਸਿਆ ਸੀ ਕਿ ਖੇਤਾਂ ਵਿਚ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਹੈ। ਜਿਸ ਦੇ ਚੱਲਦੇ ਪਿੰਡ ਵਾਲੇ ਅਤੇ ਪਰਿਵਾਰ ਦੇ ਮੈਂਬਰ ਬੱਚੇ ਨੂੰ ਲੱਭਣ ਲਈ ਉੱਥੇ ਗਏ ਪਰ ਉਸ ਸਮੇਂ ਤੱਕ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਕੇ ਮਾਰ ਦਿੱਤਾ ਸੀ। ਇਸ ਘਟਨਾ ਤੋਂ ਪਰਿਵਾਰ ਅਤੇ ਪਿੰਡ ਵਿਚ ਮਾਤਮ ਪਸਰਿਆ ਹੋਇਆ ਹੈ।