ਸ਼ਮਸ਼ਾਨਘਾਟ ਲਿਜਾਂਦਿਆ ਉੱਠ ਕੇ ਬਹਿ ਗਈ ਲਾਸ਼ ! ਇਕ ਝਟਕੇ 'ਚ ਮੁਰਦਾ ਹੋ ਗਿਆ ਜ਼ਿੰਦਾ, ਹੈਰਾਨ ਕਰੇਗਾ ਮਾਮਲਾ
Wednesday, Mar 11, 2026 - 01:45 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਤੋਂ ਇੱਕ ਅਜਿਹੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ ਹੈ। ਜਿਸ ਮਹਿਲਾ ਨੂੰ ਡਾਕਟਰਾਂ ਨੇ 'ਬ੍ਰੇਨ ਡੈੱਡ' ਐਲਾਨ ਦਿੱਤਾ ਸੀ ਤੇ ਜਿਸ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਸਨ, ਉਹ ਮੌਤ ਦੇ ਮੂੰਹੋਂ ਚਮਤਕਾਰੀ ਢੰਗ ਨਾਲ ਵਾਪਸ ਪਰਤ ਆਈ ਹੈ। ਖਾਸ ਗੱਲ ਇਹ ਰਹੀ ਕਿ ਸੜਕ ਦੇ ਇੱਕ ਟੋਏ ਕਾਰਨ ਐਂਬੂਲੈਂਸ ਨੂੰ ਲੱਗੇ ਝਟਕੇ ਨੇ ਉਸ ਦੀਆਂ ਰੁਕੀਆਂ ਹੋਈਆਂ ਸਾਹਾਂ ਵਾਪਸ ਮੋੜ ਦਿੱਤੀਆਂ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਗੋਕੁਲਪੁਰਮ ਕਾਲੋਨੀ ਦੀ ਰਹਿਣ ਵਾਲੀ ਵਿਨੀਤਾ ਸ਼ੁਕਲਾ 22 ਫਰਵਰੀ ਨੂੰ ਅਚਾਨਕ ਬੇਹੋਸ਼ ਹੋ ਕੇ ਡਿੱਗ ਪਈ ਸੀ। ਪਰਿਵਾਰ ਵਾਲੇ ਉਸ ਨੂੰ ਪਹਿਲਾਂ ਜ਼ਿਲਾ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਬਰੇਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਬਰੇਲੀ ਦੇ ਹਸਪਤਾਲ ਵਿੱਚ ਵਿਨੀਤਾ ਨੂੰ ਦੋ ਦਿਨ ਵੈਂਟੀਲੇਟਰ 'ਤੇ ਰੱਖਿਆ ਗਿਆ, ਪਰ ਡਾਕਟਰਾਂ ਨੇ ਉਸ ਨੂੰ 'ਬ੍ਰੇਨ ਡੈੱਡ' ਐਲਾਨਦੇ ਕਿਹਾ ਕਿ ਉਸ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਹੈ ਅਤੇ ਵੈਂਟੀਲੇਟਰ ਹਟਾਉਂਦੇ ਹੀ ਉਸ ਦੀ ਮੌਤ ਹੋ ਜਾਵੇਗੀ।
ਘਰ ਵਿੱਚ ਸੀ ਮਾਤਮ, ਸ਼ਮਸ਼ਾਨ ਘਾਟ 'ਚ ਸੀ ਤਿਆਰੀ
24 ਫਰਵਰੀ ਨੂੰ ਪਰਿਵਾਰਕ ਮੈਂਬਰ ਭਰੇ ਮਨ ਨਾਲ ਵਿਨੀਤਾ ਨੂੰ ਵੈਂਟੀਲੇਟਰ ਤੋਂ ਹਟਾ ਕੇ ਐਂਬੂਲੈਂਸ ਰਾਹੀਂ ਘਰ ਲੈ ਕੇ ਆ ਰਹੇ ਸਨ। ਘਰ ਵਿੱਚ ਰਿਸ਼ਤੇਦਾਰ ਇਕੱਠੇ ਹੋ ਚੁੱਕੇ ਸਨ, ਅੰਤਿਮ ਸੰਸਕਾਰ ਲਈ ਲੱਕੜਾਂ ਦਾ ਪ੍ਰਬੰਧ ਹੋ ਗਿਆ ਸੀ ਅਤੇ ਗਲੀ-ਗੁਆਂਢੀ ਅੰਤਿਮ ਵਿਦਾਈ ਲਈ ਪਹੁੰਚ ਚੁੱਕੇ ਸਨ।
ਟੋਏ ਨੇ ਦਿੱਤੀ ਨਵੀਂ ਜ਼ਿੰਦਗੀ
ਜਦੋਂ ਐਂਬੂਲੈਂਸ ਰਸਤੇ ਵਿੱਚ ਸੀ, ਤਾਂ ਸੜਕ 'ਤੇ ਇੱਕ ਡੂੰਘੇ ਟੋਏ ਕਾਰਨ ਐਂਬੂਲੈਂਸ ਨੂੰ ਜ਼ੋਰਦਾਰ ਝਟਕਾ ਲੱਗਾ। ਇਸ ਝਟਕੇ ਕਾਰਨ ਵਿਨੀਤਾ ਦੇ ਸਰੀਰ ਵਿੱਚ ਹਰਕਤ ਹੋਈ ਅਤੇ ਉਸ ਨੂੰ ਹੋਸ਼ ਆਉਣ ਲੱਗਾ। ਇਹ ਦੇਖ ਕੇ ਪਰਿਵਾਰਕ ਮੈਂਬਰ ਉਸ ਨੂੰ ਸ਼ਮਸ਼ਾਨ ਘਾਟ ਲੈ ਜਾਣ ਦੀ ਬਜਾਏ ਤੁਰੰਤ ਪੀਲੀਭੀਤ ਦੇ ਡਾ. ਰਾਕੇਸ਼ ਨਿਊਰੋ ਸਿਟੀ ਹਸਪਤਾਲ ਲੈ ਗਏ। ਉੱਥੇ 14 ਦਿਨਾਂ ਦੇ ਇਲਾਜ ਤੋਂ ਬਾਅਦ ਵਿਨੀਤਾ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਘਰ ਪਰਤ ਆਈ ਹੈ। ਇਲਾਕੇ ਵਿੱਚ ਇਹ ਮਾਮਲਾ ਕਿਸੇ ਵੱਡੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
