ਵਿਹੜੇ ''ਚ ਖੇਡਦੇ ਜਵਾਕ ਨੂੰ ਚੁੱਕ ਕੇ ਲੈ ਗਿਆ ਜਾਨਵਰ ! ਤੜਫ਼ਾ-ਤੜਫ਼ਾ ਕੱਢੀ ਜਾਨ
Saturday, Mar 07, 2026 - 05:04 PM (IST)
ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਅਧੀਨ ਪੈਂਦੇ ਕਤਾਰਨੀਆਘਾਟ ਜੰਗਲੀ ਜੀਵ ਡਿਵੀਜ਼ਨ (ਵਾਈਲਡਲਾਈਫ) 'ਚ ਸ਼ੁੱਕਰਵਾਰ ਸ਼ਾਮ ਨੂੰ ਇਕ ਦਰਦਨਾਕ ਘਟਨਾ ਵਾਪਰੀ, ਜਿੱਥੇ ਇਕ ਜੰਗਲੀ ਜਾਨਵਰ ਨੇ 7 ਸਾਲਾ ਬੱਚੇ 'ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ।
ਖੇਡਦੇ ਬੱਚੇ ਨੂੰ ਜਬਾੜੇ 'ਚ ਦਬਾ ਕੇ ਲੈ ਗਿਆ ਜਾਨਵਰ
ਪ੍ਰਾਪਤ ਜਾਣਕਾਰੀ ਅਨੁਸਾਰ, ਨਿਸ਼ਾਨਗਾੜਾ ਰੇਂਜ ਦੇ ਕਾਰੀਕੋਟ ਗ੍ਰਾਮ ਪੰਚਾਇਤ ਦੇ ਰਘੂਵੀਰ (7), ਜੋ ਆਪਣੇ ਘਰ ਦੇ ਵਿਹੜੇ 'ਚ ਖੇਡ ਰਿਹਾ ਸੀ 'ਤੇ ਇਕ ਜੰਗਲੀ ਜਾਨਵਰ ਨੇ ਅਚਾਨਕ ਹਮਲਾ ਕਰ ਦਿੱਤਾ। ਜਾਨਵਰ ਬੱਚੇ ਨੂੰ ਜਬਾੜੇ 'ਚ ਦਬਾ ਕੇ ਨੇੜਲੇ ਖੇਤਾਂ ਵੱਲ ਖਿੱਚ ਕੇ ਲੈ ਗਿਆ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਰੌਲੇ ਤੋਂ ਬਾਅਦ ਜਾਨਵਰ ਬੱਚੇ ਨੂੰ ਗੰਨੇ ਦੇ ਖੇਤ 'ਚ ਛੱਡ ਕੇ ਜੰਗਲ ਵੱਲ ਭੱਜ ਗਿਆ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਮੁਤਾਬਕ ਬੱਚੇ ਦੀ ਗਰਦਨ 'ਤੇ ਡੂੰਘੇ ਜ਼ਖਮ ਸਨ।
ਪਿੰਡ ਵਾਸੀਆਂ ਨੇ ਲਗਾਇਆ ਧਰਨਾ, ਬਿਜਲੀ ਕਟੌਤੀ ਨੂੰ ਦੱਸਿਆ ਜ਼ਿੰਮੇਵਾਰ
ਘਟਨਾ ਤੋਂ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਬੱਚੇ ਦੀ ਲਾਸ਼ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਜੰਗਲੀ ਜਾਨਵਰ ਨੂੰ ਫੜਨ ਦੀ ਮੰਗ ਕੀਤੀ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਕੈਲਾਸ਼ ਪੁਰੀ ਪਾਵਰ ਹਾਊਸ ਤੋਂ ਸ਼ਾਮ 6 ਵਜੇ ਤੋਂ ਬਾਅਦ ਅਕਸਰ ਬਿਜਲੀ ਕੱਟ ਦਿੱਤੀ ਜਾਂਦੀ ਹੈ, ਜਿਸ ਦਾ ਫਾਇਦਾ ਚੁੱਕ ਕੇ ਜੰਗਲੀ ਜਾਨਵਰ ਹਨੇਰੇ 'ਚ ਪਿੰਡਾਂ 'ਚ ਦਾਖਲ ਹੋ ਜਾਂਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਬਿਜਲੀ ਵਿਵਸਥਾ ਸੁਧਾਰਨ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ।
ਜੰਗਲਾਤ ਵਿਭਾਗ ਵੱਲੋਂ ਆਰਥਿਕ ਸਹਾਇਤਾ
ਕਤਾਰਨੀਆਘਾਟ ਦੇ ਡਿਵੀਜ਼ਨਲ ਫਾਰੈਸਟ ਅਫ਼ਸਰ (DFO) ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਤੁਰੰਤ ਸਹਾਇਤਾ ਵਜੋਂ 10,000 ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ। ਹਾਲਾਂਕਿ, ਰਾਤ ਦੇ ਸਮੇਂ ਪੈਰਾਂ ਦੇ ਨਿਸ਼ਾਨ ਸਾਫ਼ ਨਾ ਮਿਲਣ ਕਾਰਨ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਾ ਕਿਹੜੇ ਜਾਨਵਰ ਨੇ ਕੀਤਾ ਸੀ। ਜੰਗਲਾਤ ਵਿਭਾਗ ਦੀ ਟੀਮ ਇਲਾਕੇ 'ਚ ਗਸ਼ਤ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
