ਫਿਰੌਤੀ ਨਾ ਮਿਲਣ ''ਤੇ ਕ੍ਰਿਕਟ ਖੇਡਣ ਗਏ ਮੁੰਡੇ ਨੂੰ ਬਦਮਾਸ਼ਾਂ ਨੇ ਕੀਤਾ ਅਗਵਾ ਤੇ ਫਿਰ...
Thursday, Mar 13, 2025 - 10:55 AM (IST)

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਤੋਂ ਇਕ 11 ਸਾਲਾ ਮੁੰਡੇ ਨੂੰ ਬਦਮਾਸ਼ਾਂ ਵਲੋਂ ਅਗਵਾ ਕਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ਾਂ ਨੂੰ ਜਦੋਂ ਫਿਰੌਤੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਬਦਮਾਸ਼ਾਂ ਨੇ ਕਤਲ ਮਗਰੋਂ ਇਸ ਨੂੰ ਹਾਦਸਾ ਵਿਖਾਉਣ ਲਈ ਲਾਸ਼ ਨੂੰ ਮਾਂਗਰ ਇਲਾਕੇ ਵਿਚ ਸੁੱਟ ਦਿੱਤਾ। ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ।
ਜਾਣਕਾਰੀ ਮੁਤਾਬਕ 11 ਸਾਲਾ ਵਿਨੈ ਕ੍ਰਿਕਟ ਖੇਡਣ ਗਿਆ ਸੀ ਪਰ ਅਚਾਨਕ ਗਾਇਬ ਹੋ ਗਿਆ। ਵਿਨੈ ਦੇ ਪਿਤਾ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਰ ਪੂਰੀ ਰਾਤ ਜਦੋਂ ਉਹ ਨਹੀਂ ਮਿਲਿਆ ਤਾਂ ਉਸ ਨੇ ਸਵੇਰੇ ਇਸ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਪਿਤਾ ਨੂੰ ਅਗਵਾਕਾਰਾਂ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਉਸ ਨੂੰ ਆਪਣੇ ਬੱਚੇ ਦੇ ਵਾਪਸ ਕਰਨ ਦੇ ਏਵਜ ਵਿਚ ਉਸ ਤੋਂ 50 ਹਜ਼ਾਰ ਦੀ ਫਿਰੌਤੀ ਮੰਗੀ ਅਤੇ ਕਿਹਾ ਕਿ ਜੇਕਰ ਉਸ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਤਾਂ ਉਸ ਨੂੰ ਆਪਣੇ ਬੱਚੇ ਦੀ ਜ਼ਿੰਦਗੀ ਤੋਂ ਹੱਥ ਧੋਣਾ ਪਵੇਗਾ। ਪਰ ਬੱਚੇ ਦਾ ਪਿਤਾ ਪਹਿਲਾਂ ਹੀ ਪੁਲਸ ਨੂੰ ਆਪਣੇ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦੇ ਚੁੱਕਾ ਸੀ। ਕੁਝ ਦੇਰ ਬਾਅਦ ਉਸ ਕੋਲ ਪੁਲਸ ਦਾ ਫੋਨ ਆਇਆ ਕਿ ਇਕ ਬੱਚੇ ਦੀ ਲਾਸ਼ ਮਾਂਗਰ ਇਲਾਕੇ ਵਿਚ ਪਈ ਮਿਲੀ। ਜਿਸ ਤੋਂ ਬਾਅਦ ਲਾਸ਼ ਨੂੰ ਪਛਾਣ ਲਈ ਹਸਪਤਾਲ ਰੱਖਵਾਇਆ ਗਿਆ। ਪੁਲਸ ਨਾਲ ਪਹੁੰਚੇ ਪਿਤਾ ਨੇ ਆਪਣੇ ਬੱਚੇ ਦੀ ਪਛਾਣ ਕੀਤੀ।
ਪੁਲਸ ਨੂੰ ਸਵੇਰੇ ਮਿਲੀ ਸੀ ਸ਼ਿਕਾਇਤ
ACP ਕ੍ਰਾਈਮ ਅਮਨ ਯਾਦਵ ਨੇ ਖੁਲਾਸਾ ਕੀਤਾ ਕਿ ਬੱਚੇ ਦੇ ਪਿਤਾ ਨੇ ਸਵੇਰੇ ਸਾਢੇ 9 ਵਜੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਕੁਝ ਸਮੇਂ ਬਾਅਦ ਉਸ ਨੂੰ ਫਿਰੌਤੀ ਲਈ ਫੋਨ ਆਇਆ ਸੀ ਪਰ ਉਦੋਂ ਤੱਕ ਅਗਵਾਕਾਰ ਬੱਚੇ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਹਾਦਸੇ ਦਾ ਰੂਪ ਦੇਣ ਲਈ ਬੋਰੀ ਵਿਚ ਭਰ ਕੇ ਮਾਂਗਰ ਇਲਾਕੇ ਵਿਚ ਸੁੱਟ ਕੇ ਫ਼ਰਾਰ ਹੋ ਗਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਜੀ. ਐੱਮ ਨਗਰ ਇਲਾਕੇ ਤੋਂ ਦੋਵਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਦੀ ਪਛਾਣ ਅਜੀਤ ਸਿੰਘ ਅਤੇ ਸ਼ਾਹਬਾਦ ਵਜੋਂ ਹੋਈ ਹੈ, ਜੋ ਦੋਵੇਂ ਆਪਸੀ ਦੋਸਤ ਹਨ।