ਤੇਜ਼ ਰਫ਼ਤਾਰ ਪਿਕਅੱਪ ਵੈਨ ਨੇ ਮਚਾਈ ਤਬਾਹੀ, ਹਾਈਵੇ ''ਤੇ ਵਿਛਾ''ਤੀਆਂ ਲਾਸ਼ਾਂ
Saturday, Apr 26, 2025 - 02:38 PM (IST)

ਨੈਸ਼ਨਲ ਡੈਸਕ- ਹਰਿਆਣਾ ਸੂਬੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ਨੀਵਾਰ ਸਵੇਰੇ ਵਾਪਰੇ ਇੱਕ ਭਿਆਨਕ ਹਾਦਸੇ 'ਚ ਇੱਕ ਤੇਜ਼ ਰਫ਼ਤਾਰ ਪਿਕਅੱਪ ਵੈਨ ਨੇ ਸਫ਼ਾਈ ਕਰਮਚਾਰੀਆਂ ਨੂੰ ਦਰੜ ਦਿੱਤਾ, ਜਿਸ ਕਾਰਨ 6 ਕਰਮਚਾਰੀਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 5 ਹੋਰ ਗੰਭੀਰ ਜ਼ਖ਼ਮੀ ਹੋ ਗਏ।
ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਦੇ ਨੂਹ ਵਿੱਚ ਫਿਰੋਜ਼ਪੁਰ ਝਿਰਕਾ ਦੇ ਇਬਰਾਹਿਮ ਬਾਸ ਪਿੰਡ ਨੇੜੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ ਇੱਕ ਹਿੱਸੇ ਦੀ ਸਫਾਈ ਕਰਦੇ ਸਮੇਂ ਇਹ ਸਵੇਰੇ 10 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਉਨ੍ਹਾਂ ਅੱਗੇ ਦੱਸਿਆ ਕਿ ਵੈਨ ਦਾ ਡਰਾਈਵਰ ਹਾਦਸੇ ਮਗਰੋਂ ਵਾਹਨ ਛੱਡ ਮੌਕੇ ਤੋਂ ਫਰਾਰ ਹੋ ਗਿਆ ਹੈ।
ਫਿਰੋਜ਼ਪੁਰ ਝਿਰਕਾ ਦੇ ਡੀ.ਐੱਸ.ਪੀ. ਅਜਾਇਬ ਸਿੰਘ ਨੇ ਦੱਸਿਆ, "ਪੁਲਸ ਟੀਮਾਂ ਲਾਸ਼ਾਂ ਨੂੰ ਇਕੱਠਾ ਕਰਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ 'ਚ ਰੁੱਝੀਆਂ ਹੋਈਆਂ ਹਨ। ਹਾਦਸੇ 'ਚ 6 ਔਰਤਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ, ਜਦਕਿ ਪੰਜ ਹੋਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚ ਇੱਕ ਆਦਮੀ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਮੰਡੀ ਖੇੜਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਸ ਵੇਲੇ ਇਲਾਜ ਕੀਤਾ ਜਾ ਰਿਹਾ ਹੈ।''
ਇਹ ਵੀ ਪੜ੍ਹੋ- 'ਮੈਂ ਪਾਕਿਸਤਾਨ ਦੀ ਧੀ, ਪਰ ਭਾਰਤ ਦੀ ਤਾਂ ਨੂੰਹ ਹਾਂ...', ਦੇਸ਼ ਛੱਡਣ ਦੇ ਹੁਕਮ ਮਗਰੋਂ ਬੋਲੀ ਸਚਿਨ ਦੀ 'ਸੀਮਾ'
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ 5 ਮ੍ਰਿਤਕ ਖੇੜੀ ਕਲਾਂ ਪਿੰਡ ਦੇ ਸਨ, ਜਦਕਿ ਇੱਕ ਝਿਮਰਾਵਤ ਪਿੰਡ ਦਾ ਸੀ। ਫਿਰੋਜ਼ਪੁਰ ਝਿਰਕਾ ਦੇ ਐੱਸ.ਐੱਚ.ਓ. ਅਮਨ ਸਿੰਘ ਨੇ ਕਿਹਾ, "ਅਸੀਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੇ ਹਾਂ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਬੂਤ ਇਕੱਠੇ ਕਰ ਰਹੇ ਹਾਂ। ਸਾਰੇ ਐਂਗਲਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ।" ਸਿੰਘ ਨੇ ਇਹ ਵੀ ਪੁਸ਼ਟੀ ਕੀਤੀ ਕਿ ਪਛਾਣ ਪ੍ਰਕਿਰਿਆ ਅਤੇ ਸ਼ੁਰੂਆਤੀ ਜਾਂਚ ਪੂਰੀ ਹੋਣ ਤੋਂ ਬਾਅਦ ਇੱਕ ਰਸਮੀ ਕੇਸ ਦਰਜ ਕੀਤਾ ਜਾਵੇਗਾ।
ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਤੋਂ ਅਲਵਰ ਵੱਲ ਤੇਜ਼ ਰਫ਼ਤਾਰ ਨਾਲ ਜਾ ਰਹੀ ਪਿਕਅੱਪ ਵੈਨ ਅਚਾਨਕ ਸੰਤੁਲਨ ਗੁਆ ਬੈਠੀ, ਜਿਸ ਮਗਰੋਂ ਇਸ ਨੇ ਮਜ਼ਦੂਰਾਂ ਨੂੰ ਦਰੜ ਦਿੱਤਾ। ਇਸ ਘਟਨਾ ਨੇ ਹਾਈ-ਸਪੀਡ ਐਕਸਪ੍ਰੈਸਵੇਅ 'ਤੇ ਕੰਮ ਕਰ ਰਹੇ ਸਟਾਫ ਲਈ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਜੋ ਕਿ ਬਿਹਤਰ ਸੁਰੱਖਿਆ ਪ੍ਰੋਟੋਕੋਲ ਦੀ ਤੁਰੰਤ ਲੋੜ ਨੂੰ ਉਜਾਗਰ ਕਰਦੀਆਂ ਹਨ।
ਇਹ ਵੀ ਪੜ੍ਹੋ- ਸਿੰਧੂ ਜਲ ਸੰਧੀ ਰੱਦ ਹੋਣ ਮਗਰੋਂ ਪਾਕਿਸਤਾਨ ਨੇ ਕੀਤਾ ਕੁਝ ਅਜਿਹਾ, ਕਿ ਜਾਣ ਤੁਹਾਡਾ ਵੀ ਨਿਕਲ ਜਾਵੇਗਾ 'ਹਾਸਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e