ਸੇਵਾਮੁਕਤ ਹੁੰਦੇ ਹੀ ਇਸ IAS ਅਧਿਕਾਰੀ ਨੇ ਮੰਗੀ ਮੁਆਫ਼ੀ, ਸੋਸ਼ਲ ਮੀਡੀਆ ''ਤੇ ਪੋਸਟ ਵਾਇਰਲ

Thursday, May 01, 2025 - 11:41 AM (IST)

ਸੇਵਾਮੁਕਤ ਹੁੰਦੇ ਹੀ ਇਸ IAS ਅਧਿਕਾਰੀ ਨੇ ਮੰਗੀ ਮੁਆਫ਼ੀ, ਸੋਸ਼ਲ ਮੀਡੀਆ ''ਤੇ ਪੋਸਟ ਵਾਇਰਲ

ਨੈਸ਼ਨਲ ਡੈਸਕ- ਹਰਿਆਣਾ ਦੇ ਚਰਚਿੱਤ IAS ਅਧਿਕਾਰੀ ਡਾ. ਅਸ਼ੋਕ ਖੇਮਕਾ ਬੁੱਧਵਾਰ ਨੂੰ ਸੇਵਾਮੁਕਤ ਹੋ ਗਏ ਹਨ। ਦੱਸ ਦੇਈਏ ਕਿ ਖੇਮਕਾ ਇਕ ਅਜਿਹੇ ਅਧਿਕਾਰੀ ਰਹੇ ਹਨ, ਜਿਨ੍ਹਾਂ ਦਾ 34 ਸਾਲ ਦੀ ਸਰਵਿਸ ਵਿਚ 57 ਵਾਰ ਟਰਾਂਸਫ਼ਰ ਹੋਇਆ ਹੈ। ਅਸ਼ੋਕ ਖੇਮਕਾ ਨੇ ਸੇਵਾਮੁਕਤ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ ਮੁਆਫ਼ੀ ਮੰਗੀ ਹੈ। ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।

ਪੋਸਟ ਸਾਂਝੀ ਕਰ ਕਿਹਾ...

ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਅੱਜ ਮੇਰਾ IAS ਕਰੀਅਰ ਪੂਰਾ ਹੋਇਆ। ਆਪਣੇ ਪਰਿਵਾਰ, ਸਹਿ-ਕਰਮੀਆਂ ਅਤੇ ਸਾਰੇ ਸ਼ੁੱਭਚਿੰਤਕਾਂ ਦਾ ਧੰਨਵਾਦ। ਜਿਨ੍ਹਾਂ ਦੇ ਅਟੁੱਟ ਸਮਰਥਨ ਤੋਂ ਬਿਨਾਂ ਇਹ ਸਫ਼ਰ ਸੰਭਵ ਨਹੀਂ ਹੋ ਪਾਉਂਦਾ। ਜੇਕਰ ਇਸ ਸਫ਼ਰ ਦੌਰਾਨ ਮੇਰੀ ਵਜ੍ਹਾ ਤੋਂ ਕਿਸੇ ਨੂੰ ਠੇਸ ਪਹੁੰਚੀ ਹੋਵੇ, ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ।

PunjabKesari

ਕੌਣ ਹਨ ਅਸ਼ੋਕ ਖੇਮਕਾ? 

ਸਾਲ 1991 ਬੈਂਚ ਦੇ IAS ਅਸ਼ੋਕ ਖੇਮਕਾ ਕੋਲਕਾਤਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਜਨਮ 30 ਅਪ੍ਰੈਲ 1965 ਨੂੰ ਹੋਇਆ ਸੀ। ਉਨ੍ਹਾਂ ਨੇ IIT ਖੜਗਪੁਰ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ ਹੈ। ਖੇਮਕਾ ਆਪਣੀ ਕਾਰਜਸ਼ੈਲੀ ਲਈ ਜਾਣੇ ਜਾਂਦੇ ਹਨ, ਜੋ ਅਕਸਰ ਭ੍ਰਿਸ਼ਟਾਚਾਰ ਖਿਲਾਫ਼ ਉਨ੍ਹਾਂ ਦੀ ਲੜਾਈ ਲਈ ਵੇਖੀ ਜਾਂਦੀ ਹੈ। ਸਿਵਲ ਸੇਵਾ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ IIT ਖੜਗਪੁਰ 'ਚ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਚ ਟਾਪ ਕੀਤਾ ਸੀ। ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ, ਮੁੰਬਈ ਤੋਂ ਕੰਪਿਊਟਰ ਸਾਇੰਸ 'ਚ ਡਾਕਟਰੇਟ (ਪੀ.ਐਚ.ਡੀ.) ਦੀ ਡਿਗਰੀ ਵੀ ਕੀਤੀ। ਇੰਨਾ ਹੀ ਨਹੀਂ ਖੇਮਕਾ ਨੇ ਇਸ ਦੌਰਾਨ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਅਤੇ ਫਾਈਨਾਂਸ ਵਿਚ ਮਾਸਟਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ (ਐਮ. ਬੀ. ਏ) ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਤੋਂ ਅਰਥ ਸ਼ਾਸਤਰ 'ਚ ਮਾਸਟਰ ਆਫ਼ ਆਰਟਸ (ਐਮ.ਏ) ਦੀ ਡਿਗਰੀ ਵੀ ਪ੍ਰਾਪਤ ਕੀਤੀ।

ਆਪਣੇ ਕੰਮਾਂ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ ਖੇਮਕਾ

ਅਸ਼ੋਕ ਖੇਮਕਾ ਸਾਲ 2012 'ਚ ਸੁਰਖੀਆਂ 'ਚ ਆਏ ਸਨ। ਜਦੋਂ ਉਨ੍ਹਾਂ ਨੇ ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨਾਲ ਜੁੜੇ ਜ਼ਮੀਨੀ ਸੌਦੇ ਦੇ ਇੰਤਕਾਲ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਲ 2014 ਵਿਚ ਜਦੋਂ ਉਹ ਟਰਾਂਸਪੋਰਟ ਕਮਿਸ਼ਨਰ ਸਨ ਤਾਂ ਉਨ੍ਹਾਂ ਨੇ ਵੱਡੇ ਵਾਹਨਾਂ ਨੂੰ ਫਿਟਨੈਸ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਟਰੱਕ ਡਰਾਈਵਰ ਵੀ ਹੜਤਾਲ 'ਤੇ ਚਲੇ ਗਏ। ਪਿਛਲੇ ਸਾਲ ਖੇਮਕਾ ਇਕ ਵਾਰ ਫਿਰ ਉਸ ਸਮੇਂ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਵਿਜੀਲੈਂਸ ਵਿਭਾਗ 'ਚ ਤਾਇਨਾਤੀ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਉਹ ਆਪਣੀ ਸੇਵਾ ਦੇ ਅੰਤ ਵਿਚ ਭ੍ਰਿਸ਼ਟਾਚਾਰ ਦੇ ਖਿਲਾਫ ਅਸਲ ਲੜਾਈ ਲੜਨਾ ਚਾਹੁੰਦਾ ਹੈ।


author

Tanu

Content Editor

Related News