ਕਾਇਰਤਾਪੂਰਨ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: CM ਸੈਣੀ
Wednesday, Apr 23, 2025 - 03:08 PM (IST)

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਸੈਲਾਨੀਆਂ 'ਤੇ ਹੋਏ 'ਕਾਇਰਾਨਾ' ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੰਗਲਵਾਰ ਨੂੰ ਕਸ਼ਮੀਰ ਦੇ ਪਹਿਲਗਾਮ 'ਚ ਇਕ ਪ੍ਰਮੁੱਖ ਸੈਲਾਨੀ ਸਥਾਨ 'ਤੇ ਅੱਤਵਾਦੀਆਂ ਦੇ ਹਮਲੇ ਵਿਚ ਘੱਟੋ-ਘੱਟ 28 ਲੋਕ ਮਾਰੇ ਗਏ। ਮਰਨ ਵਾਲਿਆਂ ਵਿਚ ਜ਼ਿਆਦਾਤਰ ਸੈਲਾਨੀ ਸਨ। ਇਸ ਹਮਲੇ 'ਚ ਕਈ ਹੋਰ ਜ਼ਖਮੀ ਹੋ ਗਏ। ਇਹ ਹਮਲਾ ਪਿਛਲੇ ਕਈ ਸਾਲਾਂ 'ਚ ਕਸ਼ਮੀਰ ਵਿਚ ਆਮ ਨਾਗਰਿਕਾਂ 'ਤੇ ਹੋਏ ਸਭ ਤੋਂ ਘਾਤਕ ਅੱਤਵਾਦੀ ਹਮਲਿਆਂ 'ਚੋਂ ਇਕ ਸੀ।
ਮੁੱਖ ਮੰਤਰੀ ਸੈਣੀ ਨੇ ਗੁਰੂਗ੍ਰਾਮ 'ਚ ਪੱਤਰਕਾਰਾਂ ਨੂੰ ਕਿਹਾ ਅਸੀਂ ਸੈਲਾਨੀਆਂ 'ਤੇ ਹੋਏ ਕਾਇਰਤਾਪੂਰਨ ਅਤੇ ਯੋਜਨਾਬੱਧ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਤਵਾਦ ਖਿਲਾਫ਼ ਲੜਨ ਦਾ ਕੇਂਦਰ ਸਰਕਾਰ ਦਾ ਇਰਾਦਾ ਦ੍ਰਿੜ ਹੈ। ਇਸ ਹਮਲੇ ਵਿਚ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ 26 ਸਾਲਾ ਭਾਰਤੀ ਜਲ ਸੈਨਾ ਅਧਿਕਾਰੀ ਲੈਫਟੀਨੈਂਟ ਵਿਨੈ ਨਰਵਾਲ ਦੀ ਵੀ ਮੌਤ ਹੋ ਗਈ, ਜੋ ਕੁਝ ਦਿਨ ਪਹਿਲਾਂ ਵਿਆਹ ਕਰਵਾਉਣ ਤੋਂ ਬਾਅਦ ਆਪਣੀ ਪਤਨੀ ਨਾਲ ਪਹਿਲਗਾਮ ਵਿਚ ਛੁੱਟੀਆਂ ਮਨਾ ਰਹੇ ਸਨ।
ਮੁੱਖ ਮੰਤਰੀ ਸੈਣੀ ਨੇ ਬੁੱਧਵਾਰ ਨੂੰ ਨਰਵਾਲ ਦੇ ਦਾਦਾ ਜੀ ਨੂੰ 'ਵੀਡੀਓ ਕਾਲ' ਕੀਤੀ, ਜਿਸ 'ਚ ਉਨ੍ਹਾਂ ਦੇ ਦਾਦਾ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪਰਾਧੀਆਂ ਨੂੰ ਸਜ਼ਾ ਦੇਣ ਅਤੇ ਅੱਤਵਾਦ ਦੇ ਖਾਤਮੇ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਸੈਣੀ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਮੈਂ ਆਪਣਾ ਪੋਤਾ ਗੁਆ ਦਿੱਤਾ ਹੈ, ਅਜਿਹਾ ਹੀ ਕੱਲ ਕਿਸੇ ਹੋਰ 'ਤੇ ਵੀ ਸਭ ਬੀਤ ਸਕਦਾ ਹੈ।