ਤੀਰਥ ਯਾਤਰਾ ਲਈ ਬੁਕਿੰਗ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਗ੍ਰਹਿ ਮੰਤਰਾਲਾ ਨੇ ਦਿੱਤੀ ਚਿਤਾਵਨੀ
Saturday, Apr 19, 2025 - 06:26 PM (IST)

ਨੈਸ਼ਨਲ ਡੈਸਕ- ਜੇਕਰ ਤੁਸੀਂ ਵੀ ਤੀਰਥ ਯਾਤਰਾ 'ਤੇ ਜਾਣ ਲਈ ਔਨਲਾਈਨ ਬੁਕਿੰਗ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਗ੍ਰਹਿ ਮੰਤਰਾਲਾ ਦੇ ਅਧੀਨ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (I4C) ਨੇ ਦੇਸ਼ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਔਨਲਾਈਨ ਬੁਕਿੰਗ ਧੋਖਾਧੜੀ ਸੰਬੰਧੀ ਇੱਕ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਮੰਤਰਾਲੇ ਦੇ ਅਨੁਸਾਰ, ਸਾਈਬਰ ਅਪਰਾਧੀ ਜਾਅਲੀ ਵੈੱਬਸਾਈਟਾਂ, ਗੁੰਮਰਾਹਕੁੰਨ ਸੋਸ਼ਲ ਮੀਡੀਆ ਪੇਜਾਂ, ਫੇਸਬੁੱਕ ਪੋਸਟਾਂ ਅਤੇ ਗੂਗਲ ਵਰਗੇ ਸਰਚ ਇੰਜਣਾਂ 'ਤੇ ਭੁਗਤਾਨ ਕੀਤੇ ਇਸ਼ਤਿਹਾਰਾਂ ਰਾਹੀਂ ਮਾਸੂਮ ਲੋਕਾਂ ਨੂੰ ਠੱਗ ਰਹੇ ਹਨ।
ਇੰਝ ਹੋ ਰਿਹਾ ਫਰਾਡ
ਸਾਈਬਰ ਅਪਰਾਧੀ ਬੇਹੱਦ ਪ੍ਰੋਫੈਸ਼ਨਲ ਲੁੱਕ ਵਾਲੀਆਂ ਨਕਲੀ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪ੍ਰੋਫਾਈਲ ਬਣਾ ਕੇ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਲੁਭਾਵਨੇ ਆਫਰਜ਼ ਦਿਖਾਉਂਦੇ ਹਨ। ਇਨ੍ਹਾਂ ਫਰਜ਼ੀ ਸਾਈਟਾਂ 'ਤੇ ਕੇਦਾਰਨਾਥ ਅਤੇ ਚਾਰ ਧਾਮ ਯਾਤਰਾ ਲਈ ਹੈਲੀਕਾਪਟਰ ਬੁਕਿੰਗ, ਧਾਰਮਿਕ ਸਥਾਨਾਂ ਲਈ ਹੋਟਲ ਅਤੇ ਹੈਸਟ ਹਾਊਸ ਬੁਕਿੰਗ, ਕੈਬ ਅਤੇ ਟੈਕਸੀ ਸੇਵਾ ਲਈ ਔਨਲਾਈਨ ਬੁਕਿੰਗ, ਹਾਲੀਡੇ ਪੈਕੇਜ ਅਤੇ ਧਾਰਮਿਕ ਟੂਰ ਦੀਆਂ ਸਕੀਮਾਂ ਵਰਗੇ ਆਕਰਸ਼ਕ ਆਫਰਜ਼ ਦਿੱਤੇ ਜਾਂਦੇ ਹਨ। ਲੋਕਾਂ ਤੋਂ ਐਡਵਾਂਸ ਪੇਮੈਂਟ ਲੈਣ ਤੋਂ ਬਾਅਦ ਇਹ ਫਰਜ਼ੀ ਵੈੱਬਸਾਈਟਾਂ ਅਤੇ ਵਟਸਐਪ ਨੰਬਰ ਅਚਾਨਕ ਬੰਦ ਹੋ ਜਾਂਦੇ ਹਨ ਅਤੇ ਠੱਗੇ ਗਏ ਲੋਕ ਸ਼ਿਕਾਇਤ ਵੀ ਨਹੀਂ ਕਰ ਪਾਉਂਦੇ।
ਬੁਕਿੰਗ ਦੌਰਾਨ ਵਰਤੋ ਸਾਵਧਾਨੀ
ਗ੍ਰਹਿ ਮੰਤਰਾਲਾ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸੇਵਾ ਦੀ ਬੁਕਿੰਗ ਤੋਂ ਪਹਿਲਾਂ ਹੇਠਾਂ ਲਿਖੀਆਂ ਗੱਲਾਂ ਦਾ ਖਾਸ ਧਿਆਨ ਰੱਖੋ।
- ਸਰਕਾਰੀ ਅਤੇ ਅਧਿਕਾਰਤ ਵੈੱਬਸਾਈਟਾਂ ਤੋਂ ਹੀ ਬੁਕਿੰਗ ਕਰੋ
- ਅਣਜਾਣ ਲਿੰਕ ਅਤੇ ਅਣਚਾਹੇ ਵਿਗਿਆਪਨਾਂ 'ਤੇ ਕਲਿੱਕ ਕਰਨ ਤੋਂ ਬਚੋਂ
- ਸੋਸ਼ਲ ਮੀਡੀਆ ਜਾਂ ਵਟਸਐਪ ਨੰਬਰ ਰਾਹੀਂ ਪੇਮੈਂਟ ਨਾ ਕਰੋ
- ਵੈੱਬਸਾਈਟ ਦੇ URL ਦੀ ਜਾਂਚ ਕਰੋ, HTTPS ਸਕਿਓਰਿਟੀ ਅਤੇ ਸਹੀ ਸਪੈਲਿੰਗ ਨੂੰ ਜ਼ਰੂਰ ਦੇਖੋ
- ਸ਼ੱਕੀ ਮਾਮਲਿਆਂ 'ਚ ਤੁਰੰਤ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (www.cybercrime.gov.in) 'ਤੇ ਸ਼ਿਕਾਇਤ ਕਰੋ
The Indian Cyber Crime Coordination Centre (I4C), under the Ministry of Home Affairs, has alerted the public about online booking frauds, especially those targeting religious pilgrims and tourists across the country. These frauds are being perpetrated through fake websites,…
— ANI (@ANI) April 19, 2025
I4C ਨੇ ਇਹ ਸੁਝਾਅ ਦਿੱਤਾ ਹੈ ਕਿ ਕੇਦਾਰਨਾਥ ਹੈਲੀਕਾਪਟਰ ਬੁਕਿੰਗ ਸਿਰਫ IRCTC ਦੇ ਅਧਿਕਾਰਤ ਪੋਰਟਲ ਤੋਂ ਹੀ ਕਰੋ ਜੋ ਕਿ https://www.heliyatra.irctc.co.in ਹੈ ਅਤੇ ਸੋਮਨਾਥ ਮੰਦਰ ਦੇ ਗੈਸਟ ਹਾਊਸ ਦੀ ਬੁਕਿੰਗ ਦੀ ਅਧਿਕਾਰਤ ਵੈੱਬਸਾਈਟ https://somnath.org ਹੈ।