ਮੁੰਬਈ ਹਵਾਈ ਅੱਡੇ ''ਤੇ 13 ਕਰੋੜ ਰੁਪਏ ਦੀ ਬਲੈਕ ਕੋਕੀਨ ਨਾਲ ਬੋਲੀਵੀਆਈ ਔਰਤ ਗ੍ਰਿਫ਼ਤਾਰ

Thursday, Sep 29, 2022 - 04:54 PM (IST)

ਮੁੰਬਈ (ਭਾਸ਼ਾ)- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਬੋਲੀਵੀਆਈ ਔਰਤ ਨੂੰ 13 ਕਰੋੜ ਰੁਪਏ ਦੀ 3.2 ਕਿਲੋਗ੍ਰਾਮ 'ਬਲੈਕ ਕੋਕੀਨ' ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਨ.ਸੀ.ਬੀ. ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੋਲੀਵੀਆਈ ਔਰਤ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਬ੍ਰਾਜ਼ੀਲ ਤੋਂ ਲਿਆਂਦਾ ਗਿਆ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਐੱਨ.ਸੀ.ਬੀ. ਨੇ ਗੋਆ ਤੋਂ ਇਕ ਨਾਈਜ਼ੀਰੀਅਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ, ਜਿਸ 'ਤੇ ਵੱਖ-ਵੱਖ ਸੂਬਿਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਦੋਸ਼ ਹੈ।

PunjabKesari

ਕੋਕੀਨ 'ਚ ਹੋਰ ਪਦਾਰਥ ਮਿਲਾ ਕੇ ਉਸ ਨੂੰ ਕਾਲਾ (ਬਲੈਕ) ਕੋਕੀਨ ਬਣਾਈ ਜਾਂਦੀ ਹੈ ਤਾਂ ਕਿ ਧਾਤੂ ਮੋਲਡ ਦੇ ਰੂਪ 'ਚ ਜਾਂ ਕਿਸੇ ਹੋਰ ਰੂਪ ਉਸ ਦੀ ਤਸਕਰੀ ਕੀਤੀ ਜਾ ਸਕੇ ਅਤੇ ਨਸ਼ੀਲੇ ਪਦਾਰਥ ਰੋਕੂ ਏਜੰਸੀਆਂ ਦੀਆਂ ਨਜ਼ਰ ਤੋਂ ਬਚਾਇਆ ਜਾ ਸਕੇ। ਅਧਿਕਾਰੀ ਨੇ ਕਿਹਾ,“ਇਸ ਸਬੰਧ 'ਚ ਤਿੰਨ ਦਿਨਾਂ ਤੱਕ ਮੁਹਿੰਮ ਚਲਾਈ ਗਈ। ਬੋਲੀਵੀਆਈ ਮਹਿਲਾ ਬ੍ਰਾਜ਼ੀਲ ਤੋਂ ਗੋਆ ਜਾ ਰਹੀ ਸੀ ਅਤੇ ਇਸ ਦੌਰਾਨ ਉਹ ਅਦੀਸ ਅਬਾਬਾ, ਇਥੋਪੀਆ ਅਤੇ ਮੁੰਬਈ 'ਚ ਰੁਕੀ ਸੀ।'' ਉਨ੍ਹਾਂ ਦੱਸਿਆ ਕਿ ਔਰਤ ਮੁੰਬਈ ਤੋਂ ਗੋਆ ਜਾਣ ਵਾਲੀ ਫਲਾਈਟ 'ਚ ਸਵਾਰ ਹੋਣ ਵਾਲੀ ਸੀ ਜਦੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਤਲਾਸ਼ੀ ਦੌਰਾਨ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News