ਭਾਜਪਾ ਲਾਵੇਗੀ ਨਵੀਂ ਮੁਸਲਿਮ ਮਹਿਲਾ ਨੇਤਾ!

Saturday, Mar 26, 2022 - 10:46 AM (IST)

ਭਾਜਪਾ ਲਾਵੇਗੀ ਨਵੀਂ ਮੁਸਲਿਮ ਮਹਿਲਾ ਨੇਤਾ!

ਨਵੀਂ ਦਿੱਲੀ– ਭਾਜਪਾ ਨੇ ਭਾਵੇਂ ਚਾਰ ਸੂਬਿਆਂ (ਯੂ. ਪੀ., ਉਤਰਾਖੰਡ, ਗੋਆ ਅਤੇ ਮਣੀਪੁਰ) ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ ਹੋਵੇ ਪਰ ਉਸ ਦੀ ਚੋਟੀ ਦੀ ਲੀਡਰਸ਼ਿਪ ਨੂੰ ਇਸ ਗੱਲ ਨੂੰ ਹਜ਼ਮ ਕਰਨਾ ਮੁਸ਼ਕਿਲ ਹੈ ਕਿ 2 ਫ਼ੀਸਦੀ ਮੁਸਲਮਾਨਾਂ ਨੇ ਵੀ ਭਗਵਾ ਪਾਰਟੀ ਨੂੰ ਵੋਟ ਨਹੀਂ ਪਾਈ। ਇਹ ਇਸ ਸੱਚਾਈ ਦੇ ਬਾਵਜੂਦ ਹੈ ਕਿ ਪ੍ਰਧਾਨ ਮੰਤਰੀ ਦੀਆਂ ਜ਼ਿਆਦਾਤਰ ਕਲਿਆਣਕਾਰੀ ਯੋਜਨਾਵਾਂ ਨਾਲ ਦੇਸ਼ ਭਰ ਦੇ ਸਾਰੇ ਭਾਈਚਾਰਿਆਂ ਦੇ ਮੈਂਬਰਾਂ ਨੂੰ ਲਾਭ ਹੋਇਆ।

ਯੂ. ਪੀ. ’ਚ ਪਾਰਟੀ ਪ੍ਰਮੁਖਾਂ ਵੱਲੋਂ ਇਕ ਅੰਦਰੂਨੀ ਬੂਥ-ਵਾਰ ਰਿਪੋਰਟ ਦਾ ਮੁਲਾਂਕਣ ਕੀਤਾ ਗਿਆ ਸੀ, ਜਿਸ ਨੇ ਕੇਂਦਰੀ ਲੀਡਰਸ਼ਿਪ ਨੂੰ ਹੈਰਾਨ ਕਰ ਦਿੱਤਾ ਸੀ। ਰਿਪੋਰਟ ’ਚ ਇਹ ਸਪੱਸ਼ਟ ਰੂਪ ’ਚ ਸਾਹਮਣੇ ਆਇਆ ਕਿ ਇੱਥੋਂ ਤੱਕ ਕਿ ਮੁਸਲਿਮ ਔਰਤ ਵੋਟਰਾਂ ਨੇ ਵੀ ਪਾਰਟੀ ’ਚ ਕਈ ਲੋਕਾਂ ਵੱਲੋਂ ਕੀਤੇ ਗਏ ਵੱਡੇ ਦਾਅਵਿਆਂ ਦੇ ਬਾਵਜੂਦ ਭਾਜਪਾ ਨੂੰ ਵੋਟ ਨਹੀਂ ਪਾਈ। ਪਾਰਟੀ ਇਸ ਗੱਲ ਨੂੰ ਲੈ ਕੇ ਦੁਚਿੱਤੀ ’ਚ ਹੈ ਕਿ ਉਸ ਨੂੰ ਮੁਸਲਿਮ ਔਰਤਾਂ ਨੂੰ ਇਸ ਤਰ੍ਹਾਂ ਨਾਲ ਲੁਭਾਉਣ ਲਈ ਅੱਗੇ ਕੀ ਕਰਨਾ ਚਾਹੀਦਾ ਹੈ ਕਿ ਉਹ ਬਹੁ-ਗਿਣਤੀ ਭਾਈਚਾਰੇ ਨੂੰ ਵੀ ਪ੍ਰੇਸ਼ਾਨ ਨਾ ਕਰੇ।

ਅੰਦਰੂਨੀ ਬੈਠਕਾਂ ’ਚ ਇਕ ਸੁਝਾਅ ਇਹ ਵੀ ਆਇਆ ਕਿ ਭਾਜਪਾ ਨੂੰ ਮੁਸਲਿਮ ਮਹਿਲਾ ਨੇਤਾ ਦੀ ਤਲਾਸ਼ ਕਰਨੀ ਚਾਹੀਦੀ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਲਿਆਂਦਾ ਜਾ ਸਕੇ। ਭਾਜਪਾ ਘੱਟ ਤੋਂ ਘੱਟ 7 ਰਾਜ ਸਭਾ ਸੀਟਾਂ ਜਿੱਤੇਗੀ। ਭਾਜਪਾ ਨੇ ਕਈ ਸਾਲਾਂ ਤੱਕ ਨਜਮਾ ਹੇਪਤੁੱਲਾ ਕਾਰਡ ਅਜ਼ਮਾਇਆ ਪਰ ਇਸ ਨੇ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਮਦਦ ਨਹੀਂ ਕੀਤੀ, ਭਾਵੇਂ ਅਰਬ ਦੇਸ਼ਾਂ ’ਚ ਉਸ ਦੇ ਸੰਪਰਕ ਸਨ। ਭਾਜਪਾ ਦੀ ਯੋਜਨਾ ਇਕ ਨਵਾਂ ਚਿਹਰਾ ਲਿਆਉਣ ਦੀ ਹੈ, ਜੋ ਮੁਸਲਮਾਨਾਂ ਵਿਚਾਲੇ ਪਾਰਟੀ ਦੇ ਖਿਲਾਫ ਕੂੜ ਪ੍ਰਚਾਰ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰ ਸਕੇ। ਆਲ ਇੰਡੀਆ ਮੁਸਲਿਮ ਵੁਮੈਨ ਪਰਸਨਲ ਲਾਅ ਬੋਰਡ ਦੀ ਪ੍ਰਮੁੱਖ ਸ਼ਾਇਸਤਾ ਅੰਬਰ ਹਾਲ ਹੀ ’ਚ ਹਿਜਾਬ ’ਤੇ ਕਰਨਾਟਕ ਹਾਈ ਕੋੋਰਟ ਦੇ ਹੁਕਮ ਦੇ ਸਮਰਥਨ ’ਚ ਜਿਸ ਤਰ੍ਹਾਂ ਸਾਹਮਣੇ ਆਈ, ਉਸ ਤੋਂ ਪਤਾ ਲੱਗਦਾ ਹੈ ਕਿ ਮੁਸਲਿਮ ਵੋਟਾਂ ਦੀ ਲੜਾਈ ’ਚ ਸਭ ਕੁਝ ਗੁਆਇਆ ਨਹੀਂ ਗਿਆ ਹੈ। ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਵੀ ਨਾਮਜਦ ਕੀਤਾ ਸਕਦਾ ਹੈ, ਕਿਉਂਕਿ 7 ਸੀਟਾਂ ਖਾਲੀ ਹੋ ਰਹੀਆਂ ਹਨ।


author

Rakesh

Content Editor

Related News