ਭਾਜਪਾ-RSS ਦਾ ਹੈ ਫੇਸਬੁੱਕ-ਵਟਸਐੱਪ ''ਤੇ ਕਬਜ਼ਾ, ਫੈਲਾਉਂਦੇ ਹਨ ਫੇਕ ਨਿਊਜ਼ ਅਤੇ ਨਫ਼ਰਤ : ਰਾਹੁਲ ਗਾਂਧੀ
Sunday, Aug 16, 2020 - 04:19 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ, ਆਰ.ਐੱਸ.ਐੱਸ. ਭਾਰਤ 'ਚ ਫੇਸਬੁੱਕ ਅਤੇ ਵਟਸਐੱਪ ਨੂੰ ਕੰਟਰੋਲ ਕਰਦੇ ਹਨ। ਉਹ ਇਸ ਦੇ ਮਾਧਿਅਮ ਨਾਲ ਫਰਜ਼ੀ ਖਬਰਾਂ ਅਤੇ ਨਫ਼ਰਤ ਫੈਲਾਉਂਦੇ ਹਨ। ਰਾਹੁਲ ਨੇ ਇਕ ਅਖਬਾਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭਾਜਪਾ ਅਤੇ ਆਰ.ਐੱਸ.ਐੱਸ. 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਟਵੀਟ ਕੀਤਾ,''ਭਾਜਪਾ ਅਤੇ ਆਰ.ਐੱਸ.ਐੱਸ. ਦਾ ਭਾਰਤ 'ਚ ਫੇਸਬੁੱਕ ਅਤੇ ਵਟਸਐੱਪ 'ਤੇ ਕਬਜ਼ਾ ਹੈ। ਉਹ ਇਸ ਰਾਹੀਂ ਫੇਕ ਨਿਊਜ਼ ਅਤੇ ਨਫ਼ਰਤ ਫੈਲਾਉਣ ਦਾ ਕੰਮ ਕਰਦੇ ਹਨ। ਉਹ ਇਸ ਦੀ ਵਰਤੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਰਦੇ ਹਨ।'' ਅਸਲ 'ਚ ਫੇਸਬੁੱਕ ਦੇ ਕਰਮੀਆਂ ਦੇ ਹਵਾਲੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਅਜਿਹੇ ਕਈ ਲੋਕ ਹਨ, ਜੋ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਫ਼ਰਤ ਫੈਲਾਉਂਦੇ ਹਨ। ਕਰਮੀਆਂ ਦਾ ਕਹਿਣਾ ਹੈ ਕਿ ਵਰਚੁਅਲ ਦੁਨੀਆ 'ਚ ਨਫ਼ਰਤ ਵਾਲੀ ਪੋਸਟ ਕਰਨ ਨਾਲ ਅਸਲੀ ਦੁਨੀਆ 'ਚ ਹਿੰਸਾ ਅਤੇ ਤਣਾਅ ਵਧਦਾ ਹੈ।
ਇਹ ਹੈ ਮਾਮਲਾ
ਅਮਰੀਕੀ ਅਖਬਾਰ ਵਾਲ ਸਟਰੀਟ ਜਨਰਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਜਪਾ ਨੇਤਾ ਟੀ. ਰਾਜਾ ਨੇ ਆਪਣੇ ਫੇਸਬੁੱਕ ਪੋਸਟ 'ਚ ਕਿਹਾ ਸੀ ਕਿ ਰੋਹਿੰਗੀਆ ਮੁਸਲਮਾਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਮੁਸਲਮਾਨਾਂ ਨੂੰ ਦੇਸ਼ਧ੍ਰੋਹੀ ਦੱਸਿਆ ਸੀ ਅਤੇ ਮਸਜਿਦ ਢਾਹੁਣ ਦੀ ਧਮਕੀ ਦਿੱਤੀ ਸੀ। ਇਸ ਦਾ ਵਿਰੋਧ ਫੇਸਬੁੱਕ ਕਰਮੀਆਂ ਨੇ ਕੀਤਾ ਸੀ ਅਤੇ ਇਸ ਨੂੰ ਕੰਪਨੀ ਦੇ ਨਿਯਮਾਂ ਵਿਰੁੱਧ ਮੰਨਿਆ ਸੀ। ਹਾਲਾਂਕਿ ਕੰਪਨੀ ਦੇ ਭਾਰਤ 'ਚ ਬੈਠਣ ਵਾਲੇ ਸੀਨੀਅਰ ਕਰਮੀਆਂ ਨੇ ਇਸ 'ਤੇ ਕੋਈ ਐਕਸ਼ਨ ਨਹੀਂ ਲਿਆ ਸੀ। ਹੁਣ ਫੇਸਬੁੱਕ ਦੀ ਭਰੋਸੇਯੋਗਤਾ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਹਨ।