ਕਥਾਵਾਚਕ ਮੋਰਾਰੀ ਬਾਪੂ ਜੀ ਨੂੰ ਮਾਰਨ ਭੱਜੇ BJP ਨੇਤਾ ਪਬੁਭਾ ਮਾਣੇਕ, ਸੰਸਦ ਨੇ ਕੀਤਾ ਬਚਾਅ
Thursday, Jun 18, 2020 - 11:52 PM (IST)
ਨਵੀਂ ਦਿੱਲੀ - ਮਸ਼ਹੂਰ ਕਥਾਵਾਚਕ ਮੋਰਾਰੀ ਬਾਪੂ ਜੀ ਉਸ ਵਕਤ ਸੁੰਨ ਰਹਿ ਗਏ, ਜਦੋਂ ਬੀਜੇਪੀ ਦੇ ਸਾਬਕਾ ਵਿਧਾਇਕ ਪਬੁਭਾ ਮਾਣੇਕ ਨੇ ਉਨ੍ਹਾਂ 'ਤੇ ਹਮਲਾ ਕਰਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਭਾਜਪਾ ਨੇਤਾ ਬਾਪੂ ਜੀ ਨੂੰ ਮਾਰਨ ਲਈ ਭੱਜੇ ਸੰਸਦ ਮੈਂਬਰ ਪੂਨਮ ਮਾਡਮ ਨੇ ਉਨ੍ਹਾਂ ਨੂੰ ਰੋਕ ਲਿਆ ਪਰ ਇਸ ਦੇ ਬਾਵਜੂਦ ਮਾਣੇਕ ਨੇ ਮੋਰਾਰੀ ਬਾਪੂ ਜੀ ਨਾਲ ਗਾਲੀ ਗਲੌਚ ਕੀਤੀ।
ਇਹ ਘਟਨਾ ਦੁਆਰਕਾ ਦੀ ਹੈ, ਜਿੱਥੇ ਦਰਸ਼ਨ ਕਰਣ ਤੋਂ ਬਾਅਦ ਬੀਜੇਪੀ ਨੇਤਾਵਾਂ ਨਾਲ ਮੋਰਾਰੀ ਬਾਪੂ ਜੀ ਮੁਲਾਕਾਤ ਕਰ ਰਹੇ ਸਨ। ਉਸੀ ਸਮੇਂ ਇਹ ਅਣਸੁਖਾਵੀਂ ਘਟਨਾ ਹੋਈ। ਦਰਅਸਲ, ਕੁੱਝ ਦਿਨ ਪਹਿਲਾਂ ਯੂ.ਪੀ. 'ਚ ਇੱਕ ਕਥਾ ਦੌਰਾਨ ਮੋਰਾਰੀ ਬਾਪੂ ਜੀ ਨੇ ਭਗਵਾਨ ਕ੍ਰਿਸ਼ਣ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ। ਉਨ੍ਹਾਂ ਨੇ ਸ਼੍ਰੀ ਕ੍ਰਿਸ਼ਣ ਦੇ ਵੰਸ਼ਜਾਂ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਦੇ ਭਰਾ ਬਲਰਾਮ ਨੂੰ ਸ਼ਰਾਬੀ ਕਿਹਾ ਸੀ। ਇਸ ਦਾ ਵੀਡੀਓ ਵਾਇਰਲ ਹੋ ਗਿਆ ਸੀ।
ਇਸ ਵੀਡੀਓ ਦੇ ਵਾਇਰਲ ਹੋਣ ਨਾਲ ਅਹੀਰ ਸਮਾਜ 'ਚ ਕਾਫੀ ਰੋਸ਼ ਫੈਲ ਗਿਆ ਸੀ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਮੋਰਾਰੀ ਬਾਪੂ ਜੀ ਨੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਚ ਜਾਰੀ ਕਰ ਸਾਰੇ ਸ਼੍ਰੀ ਕ੍ਰਿਸ਼ਣ ਭਗਤਾਂ ਤੋਂ ਮਾਫੀ ਮੰਗੀ ਸੀ ਪਰ ਮੋਰਾਰੀ ਬਾਪੂ ਜੀ ਦੀ ਟਿੱਪਣੀ ਨੂੰ ਲੈ ਕੇ ਹੀ ਵੀਰਵਾਰ ਨੂੰ ਬੀਜੇਪੀ ਨੇਤਾ ਪਬੁਭਾ ਨੇ ਮੋਰਾਰੀ ਬਾਪੂ ਜੀ 'ਤੇ ਹਮਲਾ ਕਰਣ ਦੀ ਅਸਫਲ ਕੋਸ਼ਿਸ਼ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਮੋਰਾਰੀ ਬਾਪੂ ਜੀ ਜਿਸ ਬਿਆਨ ਲਈ ਮਾਫੀ ਮੰਗ ਚੁੱਕੇ ਸਨ, ਉਸ ਸੰਬੰਧ 'ਚ ਉਹ ਬੀਜੇਪੀ ਨੇਤਾਵਾਂ ਤੋਂ ਦੁਆਰਕਾ 'ਚ ਮੁਲਾਕਾਤ ਕਰਣ ਲਈ ਗਏ ਸਨ। ਉੱਥੇ ਸੰਸਦ ਮੈਂਬਰ ਪੂਨਮ ਮਾਡਮ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਸਨ। ਉਸੇ ਦੌਰਾਨ ਅਚਾਨਕ ਬੀਜੇਪੀ ਨੇਤਾ ਅਤੇ ਸਾਬਕਾ ਵਿਧਾਇਕ ਪਬੁਭਾ ਮਾਣੇਕ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।