ਆਰਟੀਕਲ 370 ਹਟਾਉਣ ਦੇ 2 ਸਾਲ ਪੂਰਾ ਹੋਣ ’ਤੇ ਭਾਜਪਾ ਨੇ ਫਹਿਰਾਇਆ ਤਿਰੰਗਾ
Friday, Aug 06, 2021 - 01:15 AM (IST)
ਸ਼੍ਰੀਨਗਰ/ਜੰਮੂ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜੰਮੂ-ਕਸ਼ਮੀਰ ਸੂਬੇ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਦੇ 2 ਸਾਲ ਪੂਰੇ ਹੋਣ ’ਤੇ ਵੀਰਵਾਰ ਨੂੰ ਤਿਰੰਗਾ ਰੈਲੀਆਂ ਕੱਢ ਕੇ ਕੇਂਦਰ ਸ਼ਾਸਿਤ ਸੂਬੇ ’ਚ ਰਾਸ਼ਟਰੀ ਝੰਡਾ ਫਹਿਰਾ ਕੇ ਜਸ਼ਨ ਮਨਾਇਆ ਜਦਕਿ ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੇ ਇਸ ਨੂੰ ਜੰਮੂ-ਕਸ਼ਮੀਰ ਲਈ ‘ਸੋਗ ਦਿਵਸ’ ਦੱਸਿਆ ਅਤੇ ਵਿਰੋਧ ਮਾਰਚ ਕੱਢਿਆ।
ਅਨੰਤਨਾਗ ਜ਼ਿਲ੍ਹੇ ਦੇ ਖਾਨਾਬਲ ਤੋਂ ਭਾਜਪਾ ਦੇ ਨਗਰ ਨਿਗਮ ਕੌਂਸਲਰ ਰੋਮਾਸੀਆ ਰਫੀਕ ਨੇ ਖਾਨਾਬਲ ’ਚ ਡਿਗਰੀ ਕਾਲਜ ਨੇੜੇ ਕੌਮੀ ਝੰਡਾ ਫਹਿਰਾ ਕੇ ਕਸ਼ਮੀਰ ਘਾਟੀ ’ਚ ਪਾਰਟੀ ਦੇ ਸਮਾਰੋਹਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨਾਲ ਪਾਰਟੀ ਦੇ ਲਗਭਗ 200 ਕਾਰਕੁੰਨ ਸਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ 2019 ਦੇ ਇਸ ਫੈਸਲੇ ਦੀ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਇਹ ਸੀ ਕਿ ਇਹ ਵੰਡ-ਪਾਊ ਅਤੇ ਅੱਤਵਾਦੀ ਤਾਕਤਾਂ ਲਈ ਇਕ ਵੱਡਾ ਝਟਕਾ ਹੈ। ਚੁੱਘ, ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਸੂਬਿਆਂ ਲਈ ਪਾਰਟੀ ਦੇ ਇੰਚਾਰਜ ਵੀ ਹਨ। ਉਨ੍ਹਾਂ ਜੰਮੂ-ਕਸ਼ਮੀਰ ’ਚ ਹਾਂ-ਪੱਖੀ ਮਸ਼ਵਰੇ ’ਚ ਰੁਕਾਵਟ ਪਾਉਣ ਨੂੰ ਲੈ ਕੇ ਗੁਪਕਰ ਗਠਜੋੜ ’ਚ ਸ਼ਾਮਲ ਪਾਰਟੀਆਂ ਦੀ ਸਖਤ ਆਲੋਚਨਾ ਕੀਤੀ।
ਇਹ ਵੀ ਪੜ੍ਹੋ - ਪਾਕਿਸਤਾਨ 'ਚ ਹਿੰਦੂ ਮੰਦਰ ਤੋੜੇ ਜਾਣ 'ਤੇ ਸਖ਼ਤ ਮੋਦੀ ਸਰਕਾਰ, ਡਿਪਲੋਮੈਟ ਨੂੰ ਕੀਤਾ ਤਲਬ
ਉੱਧਰ, ਸ਼੍ਰੀਨਗਰ ’ਚ ਕਾਲੀ ਪੱਟੀ ਬੰਨ੍ਹੀ ਪੀ. ਡੀ. ਪੀ. ਦੇ ਦਰਜਨਾਂ ਨੇਤਾਵਾਂ ਅਤੇ ਸੈਂਕੜੇ ਕਾਰਕੁੰਨਾਂ ਨੇ ਸ਼ੇਰ-ਏ-ਕਸ਼ਮੀਰ ਪਾਰਕ ਨੇੜੇ ਸਥਿਤ ਪਾਰਟੀ ਹੈੱਡਕੁਆਰਟਰ ਤੋਂ ਇਕ ਵਿਰੋਧ ਮਾਰਚ ਕੱਢਿਆ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕੀਤੀ। ਉਨ੍ਹਾਂ ਨੇ ਕੇਂਦਰ ਦੇ 5 ਅਗਸਤ 2019 ਦੇ ਫੈਸਲੇ ਵਿਰੁੱਧ ਅਤੇ ਕਸ਼ਮੀਰ ਮੁੱਦੇ ਦੇ ਹੱਲ ਦੇ ਸਮਰਥਨ ’ਚ ਨਾਅਰੇ ਲਗਾਏ। ਹਾਲਾਂਕਿ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਜੀ. ਪੀ. ਓ. ਦੇ ਕੋਲ ਰੋਕ ਲਿਆ। ਮਹਿਬੂਬਾ ਨੇ ਪੱਤਰਕਾਰਾਂ ਨੂੰ ਕਿਹਾ,‘ਅੱਜ ਕਸ਼ਮੀਰ ਲਈ ਸੋਗ ਦਿਵਸ ਹੈ। ਇਹ ਬਦਕਿਸਮਤੀ ਹੈ ਕਿ ਭਾਜਪਾ ਪੂਰੇ ਦੇਸ਼ ’ਚ ਜਸ਼ਨ ਮਨਾ ਰਹੀ ਹੈ ਜਦਕਿ ਕਸ਼ਮੀਰ ਸੋਗ ਮਨਾ ਰਿਹਾ ਹੈ।’ਉਨ੍ਹਾਂ ਕਿਹਾ,‘ਜੰਮੂ-ਕਸ਼ਮੀਰ ਦੇ ਲੋਕਾਂ ਦੀ ਹੋਂਦ ਉਦੋਂ ਰਹੇਗੀ, ਜਦ ਅਸੀਂ ਸਾਰੇ ਮਿਲ ਕੇ ਆਪਣੀ ਸੰਵਿਧਾਨਕ ਸਥਿਤੀ ਨੂੰ ਬਹਾਲ ਕਰਾਂਗੇ ਅਤੇ ਫਿਰ ਭਾਰਤ ਸਰਕਾਰ ਨੂੰ ਅੰਦਰੂਨੀ ਨਜ਼ਰੀਏ ’ਤੇ ਜੰਮੂ-ਕਸ਼ਮੀਰ ਦੇ ਲੋਕਾਂ ਅਤੇ ਬਾਹਰੀ ਨਜ਼ਰੀਏ ’ਤੇ ਪਾਕਿਸਤਾਨ ਨਾਲ ਗੱਲਬਾਤ ਕਰਕੇ ਕਸ਼ਮੀਰ ਮੁੱਦੇ ਦਾ ਹੱਲ ਕੱਢਣ ਲਈ ਮਜਬੂਰ ਕਰਾਂਗੇ।’ ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੰਣਨਾ ਹੈ ਕਿ ਜੰਮੂ-ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਦਾ ਪੁਲ ਬਣਨਾ ਪਵੇਗਾ।
ਉੱਧਰ, ਜੰਮੂ ’ਚ ਜੰਮੂ-ਕਸ਼ਮੀਰ ਭਾਰਤੀ ਜਨਤਾ ਯੁਵਾ ਮੋਰਚਾ (ਬੀ. ਜੇ. ਵਾਈ. ਐੱਮ.) ਦੇ ਪ੍ਰਧਾਨ ਅਰੁਣ ਦੇਵ ਸਿੰਘ ਅਤੇ ਪਾਰਟੀ ਦੇ ਸੈਂਕੜੇ ਕਾਰਕੁੰਨਾਂ ਨੇ ਤਿਰੰਗਾ ਲੈ ਮਾਰਚ ਕੱਢਿਆ। ਸ਼ਿਵ ਸੈਨਾ ਦੀ ਜੰਮੂ-ਕਸ਼ਮੀਰ ਇਕਾਈ ਨੇ ਸ਼ਹਿਰ ’ਚ ਤਿਰੰਗਾ ਰੈਲੀ ਕੱਢੀ। ਉੱਧਰ, ਡੋਗਰਾ ਫਰੰਟ ਨੇ ਅਸ਼ੋਕ ਗੁਪਤਾ ਦੀ ਅਗਵਾਈ ’ਚ ਜੰਮੂ ’ਚ ਢੋਲ ਵਜਾ ਕੇ ਅਤੇ ਨੱਚ ਕੇ ਤਿਰੰਗਾ ਰੈਲੀ ਕੱਢੀ। ਇਸ ਦੌਰਾਨ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਹੋਰ ਸਮਾਜਿਕ ਸੰਗਠਨਾਂ ਨੇ ਵੀ ਜਸ਼ਨ ਮਨਾਇਆ।
ਇਹ ਵੀ ਪੜ੍ਹੋ - ਬੱਚੇ ਨੂੰ ਗਰਮ ਕੁਹਾੜੀ ਚੱਟਣ ਲਈ ਕੀਤਾ ਮਜ਼ਬੂਰ, 3 ਗ੍ਰਿਫਤਾਰ
ਕੇਂਦਰ ਦੇ 5 ਅਗਸਤ 2019 ਦੇ ਫੈਸਲੇ ਨੇ ਜੰਮੂ-ਕਸ਼ਮੀਰ ‘ਵਿਵਾਦ’ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ : ਹੁਰੀਅਤ
ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਦੀ ਦੂਜੀ ਵਰ੍ਹੇਗੰਢ ’ਤੇ ਵੀਰਵਾਰ ਨੂੰ ਹੁਰੀਅਤ ਕਾਨਫਰੰਸ ਨੇ ਕਿਹਾ ਕਿ ਸਰਕਾਰ ਦੇ ਇਕਪਾਸੜ ਅਤੇ ਮਨਮਾਨੇ ਫੈਸਲੇ ਨੇ ਤਤਕਾਲੀ ਸੂਬੇ ’ਚ ਵਿਵਾਦ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਹੁਰੀਅਤ ਨੇ ਦੋਸ਼ ਲਗਾਇਆ ਕਿ ਸਰਕਾਰ ਦਾ ਸਿਆਸੀ ਕੈਦੀਆਂ ਨੂੰ ਬੰਦ ਕਰਨਾ ਤੇ ਨੌਜਵਾਨਾਂ ਨੂੰ ਗ੍ਰਿਫਤਾਰੀ ਤੋਂ ਡਰਾ ਕੇ ਸਥਾਨਕ ਲੋਕਾਂ ’ਤੇ ਹਮਲੇ ਕਰਨਾ ਤੇ ਮਨਮਾਨੇ ਤੇ ਜਨਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਨਾ ਜਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਸ਼ਮੀਰ ਵਿਵਾਦ ਨੂੰ ਹੱਲ ਕਰਨ ਲਈ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ, ਜੋ ਕਸ਼ਮੀਰ ਦੇ ਲੋਕਾਂ ਦੀਆਂ ਸਿਆਸੀ ਇੱਛਾਵਾਂ ਅਤੇ ਉਮੀਦਾਂ ਦੀ ਅਸਲ ’ਚ ਨੁਮਾਇੰਦਗੀ ਕਰਦੇ ਹਨ। ਹੁਰੀਅਤ ਨੇ ਪਾਕਿਤਾਨ ਨਾਲ ਗੱਲਬਾਤ ਬਹਾਲ ਕਰਨ ਦੀ ਅਪੀਲ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।