ਚੱਲਦੀ ਟਰੇਨ ਦੇ ਹੇਠਾਂ ਸ਼ਖਸ ਨੇ ਮਾਰੀ ਛਾਲ, ਜਾਨ ’ਤੇ ਖੇਡ ਕੇ ਬਚਾਈ ਕੁੜੀ ਦੀ ਜ਼ਿੰਦਗੀ

Saturday, Feb 12, 2022 - 05:56 PM (IST)

ਚੱਲਦੀ ਟਰੇਨ ਦੇ ਹੇਠਾਂ ਸ਼ਖਸ ਨੇ ਮਾਰੀ ਛਾਲ, ਜਾਨ ’ਤੇ ਖੇਡ ਕੇ ਬਚਾਈ ਕੁੜੀ ਦੀ ਜ਼ਿੰਦਗੀ

ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਦੇ ਭੋਪਾਲ ’ਚ 37 ਸਾਲਾ ਇਕ ਸ਼ਖਸ ਨੇ ਸਾਹਸ ਵਿਖਾਉਂਦੇ ਹੋਏ ਚੱਲਦੀ ਮਾਲਗੱਡੀ ਦੇ ਹੇਠਾਂ ਜਾ ਕੇ ਰੇਲਵੇ ਟਰੈਕ ’ਤੇ ਡਿੱਗੀ ਇਕ ਕੁੜੀ ਦੀ ਜਾਨ ਬਚਾਈ। ਇਕ ਅਧਿਕਾਰੀ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁੜੀ ਦੀ ਜਾਨ ਬਚਾਉਣ ਵਾਲੇ ਸ਼ਖਸ ਨਾਂ ਮੁਹੰਮਦ ਮਹਿਬੂਬ ਹੈ ਅਤੇ ਉਹ ਪੇਸ਼ੇ ਤੋਂ ਤਰਖਾਣ ਹੈ। ਸੋਸ਼ਲ ਮੀਡੀਆ ’ਤੇ ਮਹਿਬੂਬ ਦੀ ਬਹਾਦਰੀ ਦੇ ਖੂਬ ਚਰਚੇ ਹੋ ਰਹੇ ਹਨ। 

 

ਇਹ ਘਟਨਾ 5 ਫਰਵਰੀ ਦੀ ਰਾਤ 8 ਵਜੇ ਭੋਪਾਲ ਦੇ ਬਰਖੇੜੀ ਵਿਚ ਵਾਪਰੀ। ਇਸ ਦਾ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਕੁੜੀ ਦੀ ਜਾਨ ਬਚਾਉਣ ਲਈ ਮੁਹੰਮਦ ਮਹਿਬੂਬ ਦੀ ਲੋਕ ਪ੍ਰਸ਼ੰਸਾ ਕਰ ਰਹੇ ਹਨ। ਮਹਿਬੂਬ ਦੇ ਦੋਸਤ ਸ਼ੋਏਬ ਹਾਸ਼ਮੀ ਨੇ ਦੱਸਿਆ ਕਿ 20 ਸਾਲਾ ਇਕ ਕੁੜੀ ਖੜ੍ਹੀ ਮਾਲਗੱਡੀ ਦੇ ਹੇਠਾਂ ਤੋਂ ਰੇਲਵੇ ਟਰੈਕ ਪਾਰ ਕਰ ਰਹੀ ਸੀ ਤਾਂ ਮਾਲਗੱਡੀ ਚੱਲ ਪਈ ਅਤੇ ਉਹ ਮਾਲਗੱਡੀ ਦੇ ਹੇਠਾਂ ਪਟੜੀ ’ਤੇ ਡਿੱਗ ਗਈ। ਸ਼ੋਏਬ ਨੇ ਕਿਹਾ ਕਿ ਇਹ ਵੇਖ ਕੇ ਲੋਕ ਚੀਕਣ ਲੱਗੇ ਤਾਂ ਮਹਿਬੂਬ ਨੇ ਚੱਲਦੀ ਮਾਲਗੱਡੀ ਵਿਚਾਲੇ ਟਰੈਕ ’ਤੇ ਛਾਲ ਮਾਰ ਦਿੱਤੀ ਅਤੇ ਟਰੈਕ ਵਿਚਾਲੇ ਲੇਟ ਕੇ ਕੁੜੀ ਨੂੰ ਵੀ ਹੱਥ ਨਾਲ ਦਬਾ ਕੇ ਰੱਖਿਆ। ਇਸ ਦੌਰਾਨ ਮਾਲਗੱਡੀ ਦੋਹਾਂ ਦੇ ਉੱਪਰੋਂ ਲੰਘਦੀ ਗਈ। 

 

ਸ਼ੋਏਬ ਨੇ ਕਿਹਾ ਕਿ ਘਟਨਾ ਤੋਂ ਬਾਅਦ ਕੁੜੀ ਰੋਣ ਲੱਗ ਪਈ ਅਤੇ ਆਪਣੇ ਪਿਤਾ ਤੇ ਭਰਾ ਨੂੰ ਗਲ਼ ਲਾ ਲਿਆ, ਜੋ ਉਸ ਸਮੇਂ ਉਸ ਨਾਲ ਸਨ ਪਰ ਰੇਲਵੇ ਟਰੈਕ ਦੇ ਬਾਹਰ ਖੜ੍ਹੇ ਸਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਮਹਿਬੂਬ ਕੁੜੀ ਦੇ ਸਿਰ ਨੂੰ ਹੇਠਾਂ ਦਬਾ ਕੇ ਰੱਖਦੇ ਹੋਏ ਵੇਖਿਆ ਜਾ ਸਕਦਾ ਹੈ। ਜਦੋਂ ਤੋਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਸ ਹੋਈ ਹੈ, ਉਦੋਂ ਤੋਂ ਲੋਕ ਮਹਿਬੂਬ ਦੇ ਅਸ਼ੋਕ ਵਿਹਾਰ ਬੈਂਕ ਕਾਲੋਨੀ ਏਸ਼ਬਾਗ ਸਥਿਤ ਘਰ ’ਚ ਉਸ ਨੂੰ ਵਧਾਈ ਦੇਣ ਲਈ ਪਹੁੰਚ ਰਹੇ ਹਨ। 


author

Tanu

Content Editor

Related News