ਭੋਪਾਲ ਗੈਸ ਤ੍ਰਾਸਦੀ ਦੇ 35 ਸਾਲ ਪੂਰੇ, ਜ਼ਖਮ ਅੱਜ ਵੀ ਹਰੇ

12/03/2019 11:46:28 AM

ਭੋਪਾਲ— ਦੁਨੀਆ ਦੀਆਂ ਸਭ ਤੋਂ ਵੱਡੀਆਂ ਸਨਅਤੀ ਤ੍ਰਾਸਦੀਆਂ 'ਚੋਂ ਇਕ ਭੋਪਾਲ ਗੈਸ ਤ੍ਰਾਸਦੀ ਨੂੰ ਅੱਜ 35 ਸਾਲ ਪੂਰੇ ਹੋ ਗਏ ਹਨ ਪਰ ਜ਼ਖਮ ਅੱਜ ਵੀ ਹਰੇ ਹਨ। 35 ਸਾਲਾਂ ਵਿਚ ਸਰਕਾਰਾਂ ਬਦਲਦੀਆਂ ਰਹੀ ਪਰ ਜੇਕਰ ਕੁਝ ਨਹੀਂ ਬਦਲਿਆ ਤਾਂ ਉਹ ਸੀ ਗੈਸ ਤ੍ਰਾਸਦੀ ਤੋਂ ਪੀੜਤਾਂ ਲੋਕਾਂ ਦੀ ਕਿਸਮਤ। ਪੀੜਤਾਂ ਨੂੰ ਅੱਜ ਵੀ ਇਲਾਜ ਲਈ ਜੂਝਣਾ ਪੈ ਰਿਹਾ ਹੈ। ਹਸਪਤਾਲਾਂ 'ਚ ਮਨੋਰੋਗੀ ਡਾਕਟਰਾਂ ਦੀ ਕਮੀ ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਮੱਧ ਪ੍ਰਦੇਸ਼ ਸੂਬੇ ਦੇ ਭੋਪਾਲ ਸ਼ਹਿਰ 'ਚ 2-3 ਦਸੰਬਰ, 1984 ਦੀ ਦਰਮਿਆਨੀ ਰਾਤ ਨੂੰ ਯੂਨੀਅਨ ਕਾਰਬਾਈਡ ਪਲਾਂਟ 'ਚੋਂ ਜ਼ਹਿਰੀਲੀ ਗੈਸ ਮਿਥਾਈਲ ਆਈਸੋਸਾਇਨਾਈਡ (ਮਿਕ) ਦੇ ਰਿਸਣ ਕਾਰਨ ਹਜ਼ਾਰਾਂ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ।

PunjabKesari

ਦੁਨੀਆ ਦੇ ਇਤਿਹਾਸ 'ਚ ਭਿਆਨਕ ਸਨਅਤੀ ਦੁਖਾਂਤ—
ਅਨੁਮਾਨ ਲਾਇਆ ਜਾਂਦਾ ਹੈ ਕਿ ਗੈਸ ਰਿਸਣ ਦੇ ਪਹਿਲੇ 24 ਘੰਟਿਆਂ ਵਿਚ ਹੀ 3,000 ਜਾਨਾਂ ਚਲੀਆਂ ਗਈਆਂ ਸਨ। ਕਿੰਨੇ ਹੀ ਲੋਕ ਇਸ ਨਾਲ ਸਰੀਰਕ ਤੌਰ 'ਤੇ ਅਪਾਹਜ ਹੋ ਗਏ ਅਤੇ ਅੰਨ੍ਹੇਪਣ ਦਾ ਸ਼ਿਕਾਰ ਹੋਏ। ਇਸ ਦਾ ਸ਼ਿਕਾਰ ਬਣੇ ਪਰਿਵਾਰਾਂ ਦੀ ਦੂਜੀ ਅਤੇ ਤੀਜੀ ਪੀੜ੍ਹੀ ਤਕ ਅਪਾਹਜ ਪੈਦਾ ਹੋ ਰਹੀ ਹੈ। ਕੁੱਲ ਮਿਲਾ ਕੇ ਅੱਜ ਵੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਅਪਾਹਜ ਬੱਚਿਆਂ ਦੇ ਜਨਮ ਲੈਣ ਦਾ ਸਿਲਸਿਲਾ ਜਾਰੀ ਹੈ। ਇਸ ਤ੍ਰਾਸਦੀ ਨੂੰ ਦੁਨੀਆ ਦੇ ਇਤਿਹਾਸ 'ਚ ਸਭ ਤੋਂ ਭਿਆਨਕ ਸਨਅਤੀ ਦੁਖਾਂਤ ਮੰਨਿਆ ਜਾਂਦਾ ਹੈ। ਗੈਸ ਕਾਂਡ ਪ੍ਰਭਾਵਿਤ ਬਸਤੀਆਂ 'ਚ ਅਜੇ ਵੀ ਪੀੜਤਾਂ ਦੀ ਭਰਮਾਰ ਹੈ। ਕਿਤੇ ਅਪਾਹਜ ਨਜ਼ਰ ਆਉਂਦੇ ਹਨ ਅਤੇ ਕਿਤੇ ਖੰਘਦੇ ਲੋਕ। ਕਹਿਣ ਨੂੰ ਤਾਂ ਪੀੜਤਾਂ ਲਈ ਹਸਪਤਾਲ ਖੋਲ੍ਹੇ ਗਏ ਹਨ ਪਰ ਇੱਥੇ ਉਸ ਤਰ੍ਹਾਂ ਦੇ ਇਲਾਜ ਦੀਆਂ ਸਹੂਲਤਾਂ ਨਹੀਂ ਹਨ, ਜਿਨ੍ਹਾਂ ਦੀ ਪੀੜਤਾਂ ਨੂੰ ਲੋੜ ਹੈ।

PunjabKesari

ਵੱਡੀ ਗਿਣਤੀ 'ਚ ਲੋਕ ਬਣੇ ਸ਼ਿਕਾਰ—
ਦਰਅਸਲ ਜ਼ਹਿਰੀਲੀ ਗੈਸ ਦੀ ਲਪੇਟ 'ਚ ਭੋਪਾਲ ਦਾ ਪੂਰਾ ਦੱਖਣੀ-ਪੂਰਬੀ ਇਲਾਕਾ ਆ ਚੁੱਕਾ ਸੀ। ਪਲਾਂਟ ਦੇ ਆਲੇ-ਦੁਆਲੇ ਦੀਆਂ ਬਸਤੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਘੁਟਣ, ਖੰਘ, ਅੱਖਾਂ 'ਚ ਜਲਣ ਅਤੇ ਉਲਟੀਆਂ ਹੋਣ ਲੱਗੀਆਂ। ਦੇਖਦੇ ਹੀ ਦੇਖਦੇ ਚਾਰੋਂ ਪਾਸੇ ਲਾਸ਼ਾਂ ਦੇ ਢੇਰ ਲੱਗ ਗਏ, ਕੋਈ ਨਹੀਂ ਸਮਝ ਸਕਿਆ ਕਿ ਇਹ ਕਿਵੇਂ ਹੋ ਰਿਹਾ ਹੈ। ਲਾਸ਼ਾਂ ਨੂੰ ਸਮੂਹਰ ਰੂਪ ਨਾਲ ਦਫਨਾਇਆ ਜਾ ਰਿਹਾ ਸੀ। ਪਹਿਲਾਂ ਅਧਿਕਾਰਤ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ 2,259 ਦੱਸੀ ਗਈ ਸੀ। ਮੱਧ ਪ੍ਰਦੇਸ਼ ਦੀ ਉਸ ਵੇਲੇ ਦੀ ਸਰਕਾਰ ਨੇ 3,787 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਸੀ। ਕੁਝ ਰਿਪੋਰਟਾਂ ਦਾ ਦਾਅਵਾ ਹੈ ਕਿ 8,000 ਤੋਂ ਵੱਧ ਲੋਕਾਂ ਦੀ ਮੌਤ ਤਾਂ ਦੋ ਹਫਤਿਆਂ ਦੇ ਅੰਦਰ ਹੀ ਹੋ ਗਈ ਸੀ। ਆਲਮ ਇਹ ਸੀ ਕਿ ਹਸਪਤਾਲਾਂ 'ਚ ਲਾਸ਼ਾਂ ਨੂੰ ਰੱਖਣ ਲਈ ਥਾਂ ਘੱਟ ਪੈ ਗਈ ਅਤੇ ਪੋਸਟਮਾਰਟਮ ਲਈ ਡਾਕਟਰ ਵੀ ਘੱਟ ਪੈ ਗਏ। ਦੱਸਿਆ ਕਰੀਬ 2000 ਜਾਨਵਰ ਵੀ ਇਸ ਤ੍ਰਾਸਦੀ ਦਾ ਸ਼ਿਕਾਰ ਹੋਏ ਸਨ।

PunjabKesari

ਜ਼ਹਿਰੀਲੀ ਗੈਸ ਕਾਰਨ ਹਜ਼ਾਰਾਂ ਜ਼ਿੰਦਗੀਆਂ ਤਬਾਹ—
ਯੂਨੀਅਨ ਕਰਬਾਈਡ ਕਾਰਪੋਰੇਸ਼ਨ ਨੇ 1969 'ਚ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ ਦੇ ਨਾਂ ਤੋਂ ਭਾਰਤ ਵਿਚ ਇਕ ਕੀਟਨਾਸ਼ਕ ਫੈਕਟਰੀ ਖੋਲ੍ਹੀ ਸੀ। ਇਸ ਤੋਂ 10 ਸਾਲਾਂ ਬਾਅਦ 1979 'ਚ ਭੋਪਾਲ 'ਚ ਇਕ ਪ੍ਰੋਡਕਸ਼ਨ ਪਲਾਂਟ ਲਾਇਆ ਗਿਆ ਸੀ। ਇਸ ਪਲਾਂਟ ਵਿਚ ਇਕ ਕੀਟਨਾਸ਼ਕ ਤਿਆਰ ਕੀਤਾ ਜਾਂਦਾ ਸੀ, ਜਿਸ ਦਾ ਨਾਂ 'ਸੇਵਿਨ' ਸੀ। ਸੇਵਿਨ ਅਸਲ ਵਿਚ ਕਾਰਬੇਰਿਲ ਨਾਂ ਦੇ ਕੈਮੀਕਲ ਦਾ ਬਰੈਂਡ ਨਾਂ ਸੀ। ਇਸ ਤ੍ਰਾਸਦੀ ਲਈ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ ਵਲੋਂ ਚੁੱਕੇ ਗਏ ਸ਼ੁਰੂਆਤੀ ਕਦਮ ਵੀ ਘੱਟ ਜ਼ਿੰਮੇਵਾਰ ਨਹੀਂ ਸਨ। ਉਸ ਸਮੇਂ ਜਦੋਂ ਹੋਰ ਕੰਪਨੀਆਂ ਕਾਰਬੇਰਿਲ ਦੇ ਉਤਪਾਦਨ ਲਈ ਕੁਝ ਹੋਰ ਇਸਤੇਮਾਲ ਕਰਦੀਆਂ ਸਨ। ਯੂਰੇਨੀਅਮ ਕਾਰਪੋਰੇਸ਼ਨ ਆਫ ਇੰਡੀਆ ਨੇ ਮਿਥਾਈਲ ਆਈਸੋਸਾਇਨਾਈਡ (ਮਿਕ) ਦਾ ਇਸਤੇਮਾਲ ਕੀਤਾ। ਮਿਕ ਇਕ ਜ਼ਹਿਰੀਲੀ ਗੈਸ ਸੀ। ਇਸ ਦੇ ਉਤਪਾਦਨ 'ਤੇ ਖਰਚ ਕਾਫੀ ਘੱਟ ਪੈਂਦਾ ਸੀ, ਇਸ ਲਈ ਯੂਨੀਅਨ ਕਾਰਬਾਈਡ ਨੇ ਇਸ ਜ਼ਹਿਰੀਲੀ ਗੈਸ ਨੂੰ ਅਪਣਾਇਆ ਸੀ, ਜਿਸ ਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ।


Tanu

Content Editor

Related News