ਮਿਸ਼ਨਰੀਆਂ ਤੋਂ ਚੰਗਾ ਕੰਮ ਕਰ ਰਹੇ ਸੰਤ : ਮੋਹਨ ਭਾਗਵਤ

Saturday, Apr 08, 2023 - 11:15 AM (IST)

ਜੈਪੁਰ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਖਣੀ ਸੂਬਿਆਂ ਵਿੱਚ ਹਿੰਦੂ ਅਧਿਆਤਮਿਕ ਗੁਰੂਆਂ ਵੱਲੋਂ ਕੀਤੇ ਗਏ ਸੇਵਾ ਕਾਰਜ ਮਿਸ਼ਨਰੀਆਂ ਨਾਲੋਂ ਵੱਧ ਚੰਗੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ, ਉਨ੍ਹਾਂ ਨੂੰ ਅਪਰਾਧੀ ਐਲਾਨਿਆ ਗਿਆ। ਆਮ ਤੌਰ ’ਤੇ ਦੇਸ਼ ਦੇ ਗਿਆਨਵਾਨ ਲੋਕ ਸੇਵਾ ਕਹਿ ਕੇ ਮਿਸ਼ਨਰੀਆਂ ਦਾ ਨਾਂ ਲੈਂਦੇ ਹਨ। ਇਹ ਸਭ ਨੂੰ ਪਤਾ ਹੈ ਕਿ ਮਿਸ਼ਨਰੀ ਦੁਨੀਆਂ ਵਿੱਚ ਬਹੁਤ ਸਾਰੇ ਸਕੂਲ, ਹਸਪਤਾਲ ਚਲਾਉਂਦੇ ਹਨ ਪਰ ਦੱਖਣੀ ਸੂਬਿਆਂ ਵਿੱਚ ਅਧਿਆਤਮਿਕ ਖੇਤਰ ’ਚ ਸਾਡੇ ਆਚਾਰੀਆਂ, ਮੁਨੀਆਂ ਤੇ ਸੰਨਿਆਸੀਆਂ ਨੇ ਮਿਲ ਕੇ ਜੋ ਸੇਵਾ ਕੀਤੀ ਹੈ, ਉਹ ਮਿਸ਼ਨਰੀਆਂ ਦੀ ਸੇਵਾ ਨਾਲੋਂ ਕਈ ਗੁਣਾ ਵੱਧ ਹੈ।

PunjabKesari

ਉਹ ਜੈਪੁਰ ਦੇ ਜਮਡੋਲੀ ਸਥਿਤ ਕੇਸ਼ਵ ਵਿਦਿਆਪੀਠ ਵਿਖੇ ਰਾਸ਼ਟਰੀ ਸੇਵਾ ਭਾਰਤੀ ਦੇ ਸੇਵਾ ਸੰਗਮ ਦੇ ਉਦਘਾਟਨੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਸਮਾਜ ਵਿੱਚ ਪ੍ਰਚਲਿਤ ਪਛੜੇਪਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦਾ ਸਿਰਫ਼ ਇੱਕ ਵਰਗ ਹੀ ਪਛੜਿਆ ਨਹੀਂ ਸਗੋਂ ਅਸੀਂ ਸਾਰੇ ਪਛੜੇ ਹੋਏ ਹਾਂ। ਅਸੀਂ ਸਭ ਨੇ ਇਸ ਪਛੜੇਪਣ ਨੂੰ ਦੂਰ ਕਰਨਾ ਹੈ। ਸਭ ਨੂੰ ਬਰਾਬਰ ਸਮਝਣਾ ਹੈ ਤੇ ਸੇਵਾ ਰਾਹੀਂ ਉਨ੍ਹਾਂ ਨੂੰ ਆਪਣੇ ਵਰਗਾ ਬਣਾਉਣਾ ਹੈ। ਭਾਗਵਤ ਨੇ ਕਿਹਾ ਕਿ ਅਸੀਂ ਇਸ ਲਈ ਸਹੁੰ ਚੁੱਕ ਸਕਦੇ ਹਾਂ, ਸੇਵਾ ਕਰ ਸਕਦੇ ਹਾਂ। ਅਸੀਂ ਸਾਰੇ ਮਿਲ ਕੇ ਇਕ ਸਮਾਜ ਹਾਂ। ਜੇ ਅਸੀਂ ਇੱਕ ਨਹੀਂ ਤਾਂ ਅਧੂਰੇ ਰਹਾਂਗੇ। ਜੇ ਸਾਰੇ ਇੱਕ ਦੂਜੇ ਦੇ ਨਾਲ ਹਾਂ ਤਾਂ ਹੀ ਅਸੀਂ ਸੰਪੂਰਨ ਬਣਾਂਗੇ। ਬਦਕਿਸਮਤੀ ਨਾਲ ਇਹ ਨਾ-ਬਰਾਬਰੀ ਆ ਗਈ ਹੈ। ਅਸੀਂ ਇਹ ਨਾ-ਬਰਾਬਰੀ ਨਹੀਂ ਚਾਹੁੰਦੇ। ਪੀਰਾਮਲ ਗਰੁੱਪ ਦੇ ਚੇਅਰਮੈਨ ਅਜੇ ਪੀਰਾਮਲ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਜਦਕਿ ਸੰਤ ਬਾਲਯੋਗੀ ਉਮੇਸ਼ ਨਾਥ ਜੀ ਮਹਾਰਾਜ ਨੇ ਆਸ਼ੀਰਵਾਦ ਦਿੱਤਾ। ਸੇਵਾ ਭਾਰਤੀ ਦੇ ਇਸ ਤਿੰਨ ਰੋਜ਼ਾ ਸਮਾਗਮ ਵਿੱਚ ਦੇਸ਼ ਭਰ ਵਿੱਚੋਂ 800 ਤੋਂ ਵੱਧ ਸਵੈ-ਸੇਵੀ ਸੰਸਥਾਵਾਂ ਦੇ ਹਜ਼ਾਰਾਂ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।


DIsha

Content Editor

Related News