ਅੱਛੇ ਦਿਨ ਨਹੀਂ, ਭਾਜਪਾ ਐੱਮ.ਪੀ. ਦੇ ਆਏ ਬੁਰੇ ਦਿਨ, ਖਾਤੇ ''ਚੋਂ ਉੱਡੇ 15 ਲੱਖ ਰੁਪਏ
Sunday, Feb 17, 2019 - 10:30 PM (IST)

ਬੈਂਗਲੁਰੂ—ਹਰ ਆਮ ਵਿਅਕਤੀ ਦੇ ਖਾਤੇ 'ਚ 15-15 ਲੱਖ ਰੁਪਏ ਪਾਉਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਭਾਜਪਾ ਸਰਕਾਰ ਨੇ ਵੋਟਾਂ ਵੇਲੇ ਅੱਛੇ ਦਿਨ ਆਉਣ ਦਾ ਨਾਅਰਾ ਵੀ ਦਿੱਤਾ ਸੀ। ਭਾਜਪਾ ਸਰਕਾਰ ਨੂੰ 5 ਸਾਲ ਬੀਤਣ ਵਾਲੇ ਹਨ ਪਰ ਅੱਜੇ ਤੱਕ ਕਿਸੇ ਦੇ ਖਾਤੇ 'ਚ 15 ਲੱਖ ਰੁਪਏ ਨਹੀਂ ਆਏ। ਇਸ ਦੇ ਉਲਟ ਕਰਨਾਰਟਕ ਦੇ ਇਕ ਭਾਜਪਾਈ ਮੈਂਬਰ ਪਾਰਲੀਮੈਂਟ (ਐੱਮ.ਪੀ.) ਦੇ ਖਾਤੇ 'ਚੋਂ 15 ਲੱਖ ਜ਼ਰੂਰ ਉੱਡ ਗਏ ਹਨ ਜਿਸ ਕਾਰਨ ਹੁਣ ਇਹ ਭਾਜਪਾਈ ਐੱਮ.ਪੀ. ਸਾਈਬਰ ਸੈੱਲ ਕੋਲ ਆਪਣੀ ਸ਼ਿਕਾਇਤ ਲੈ ਕੇ ਪਹੁੰਚਿਆ ਹੈ।
ਦੱਸ ਦੇਈਏ ਕਿ ਕਰਨਾਰਟਕ ਤੋਂ ਬੀ.ਜੇ.ਪੀ. ਸੰਸਦ ਸ਼ੋਭਾ ਕਰੰਦਲਾਜੇ ਦੇ ਅਕਾਊਂਟ ਤੋਂ ਸਾਈਬਰ ਚੋਰਾਂ ਨੇ 15 ਲੱਖ ਰੁਪਏ ਗਾਇਬ ਕੀਤੇ ਹਨ। ਸ਼ੋਭਾ ਨੂੰ ਇਸ ਗੱਲ ਦੀ ਜਾਣਕਾਰੀ ਉਸ ਵੇਲੇ ਹੋਈ ਜਦ ਉਸ ਨੇ ਬੈਂਕ ਜਾ ਕ ਅਕਾਊਂਟ ਪਾਸਬੁੱਕ ਅਪਡੇਟ ਕਰਵਾਈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਖਾਤੇ 'ਚੋਂ 15 ਲੱਖ ਰੁਪਏ ਕੱਢਵਾਏ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਮੋਬਾਇਲ 'ਤੇ ਮੈਸੇਜ ਨਹੀਂ ਆਇਆ ਜਦਕਿ ਉਨ੍ਹਾਂ ਦੀ ਅਮਾਊਂਟ 'ਚ ਮੈਸੇਜ ਅਲਰਟ ਸਰਵਿਸ ਐਕਟੀਵ ਹੈ।
ਇਸ ਸਬੰਧ 'ਚ ਸ਼ੋਭਾ ਨੇ ਦਿੱਲੀ ਦੇ ਨਾਰਥ ਐਵੇਨਿਊ ਪੁਲਸ ਸਟੇਸ਼ਨ 'ਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਸ਼ੋਭਾ ਮੁਤਾਬਕ ਉਨ੍ਹਾਂ ਦੇ ਖਾਤੇ 'ਚੋਂ ਦਸਬੰਰ 2018 'ਚ ਦੋਂ ਵਾਰ 'ਚ 15.62 ਲੱਖ ਰੁਪਏ ਗਾਇਬ ਹੋਏ ਹਨ। ਇਸ ਕੇਸ ਨੂੰ ਫਿਲਹਾਲ ਸਾਈਬਰ ਸੈੱਲ ਨੂੰ ਸੌਂਪਿਆ ਗਿਆ ਹੈ। ਦੱਸਣਯੋਗ ਹੈ ਕਿ ਸ਼ੋਭਾ ਕਰੰਦਲਾਜੇ ਕਰਨਾਰਟਕ ਦੀ ਉਡੱਪੀ ਚਿਕਮੰਗਲੂਰ ਲੋਕਸਭਾ ਤੋਂ ਬੀ.ਜੇ.ਪੀ. ਸੰਸਦ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਗੁਰੂਗਰਾਮ 'ਚ ਇਕ ਵਿਅਕਤੀ ਦੇ ਮੋਬਾਇਲ 'ਤੇ ਇਕ ਮੈਸੇਜ ਆਇਆ ਅਤੇ ਉਸ 'ਚ ਇਕ ਵੈੱਬ ਲਿੰਕ ਦਿੱਤਾ ਗਿਆ ਸੀ। ਲਿੰਕ 'ਤੇ ਕਲਿੱਕ ਕਰਨ 'ਤੇ ਫੋਨ 'ਚ ਇਕ ਐਪ ਇੰਸਟਾਲ ਹੋਈ ਅਤੇ ਉਸ ਤੋਂ ਬਾਅਦ ਉਸ ਦੇ ਖਾਤੇ 'ਚੋਂ 60,000 ਰੁਪਏ ਗਾਇਬ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।