‘ਸਟ੍ਰੈਚਰ ਲਿਆਓ, ਮੈਂ ਸੈਫ ਅਲੀ ਖਾਨ ਹਾਂ’ : ਆਟੋ ਰਿਕਸ਼ਾ ਚਾਲਕ ਨੇ ਦੱਸਿਆ ਹਮਲੇ ਵਾਲੀ ਰਾਤ ਦਾ ਅੱਖੀਂ ਵੇਖਿਆ ਹਾਲ

Friday, Jan 17, 2025 - 11:34 PM (IST)

‘ਸਟ੍ਰੈਚਰ ਲਿਆਓ, ਮੈਂ ਸੈਫ ਅਲੀ ਖਾਨ ਹਾਂ’ : ਆਟੋ ਰਿਕਸ਼ਾ ਚਾਲਕ ਨੇ ਦੱਸਿਆ ਹਮਲੇ ਵਾਲੀ ਰਾਤ ਦਾ ਅੱਖੀਂ ਵੇਖਿਆ ਹਾਲ

ਮੁੰਬਈ, (ਭਾਸ਼ਾ)– ਆਟੋ ਰਿਕਸ਼ਾ ਚਾਲਕ ਭਜਨ ਸਿੰਘ ਰਾਣਾ ਨੇ ਕਿਹਾ ਕਿ ਉਸ ਨੂੰ ਪਤਾ ਨਹੀਂ ਸੀ ਕਿ ਵੀਰਵਾਰ ਸਵੇਰੇ ਖੂਨ ਨਾਲ ਲੱਥਪਥ ਕੁੜਤੇ ’ਚ ਬੈਠੇ ਜਿਸ ਵਿਅਕਤੀ ਨੂੰ ਉਹ ਲੀਲਾਵਤੀ ਹਸਪਤਾਲ ਲਿਜਾ ਰਿਹਾ ਹੈ, ਉਹ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਹੈ। ਰਾਣਾ ਨੇ ਕਿਹਾ ਕਿ ਉਹ ਸਤਗੁਰੂ ਸ਼ਰਨ ਬਿਲਡਿੰਗ ਤੋਂ ਲੰਘ ਰਿਹਾ ਸੀ ਤਾਂ ਇਕ ਔਰਤ ਅਤੇ ਕੁਝ ਹੋਰ ਲੋਕਾਂ ਨੇ ਉਸ ਨੂੰ ਆਟੋ ਰਿਕਸ਼ਾ ਰੋਕਣ ਲਈ ਕਿਹਾ।

ਉਨ੍ਹਾਂ ਕਿਹਾ,‘ਫਿਰ ਖੂਨ ਨਾਲ ਲੱਥਪਥ ਚਿੱਟੇ ਕੁੜਤੇ ’ਚ ਇਕ ਵਿਅਕਤੀ ਆਟੋ ’ਚ ਬੈਠਿਆ। ਮੈਂ ਦੇਖਿਆ ਕਿ ਉਸ ਦੀ ਗਰਦਨ ਅਤੇ ਪਿੱਠ ’ਤੇ ਜ਼ਖਮ ਸਨ ਪਰ ਹੱਥ ’ਤੇ ਲੱਗੇ ਜ਼ਖਮ ’ਤੇ ਧਿਆਨ ਨਹੀਂ ਗਿਆ।’ ਰਾਣਾ ਤੋਂ ਪੁੱਛਿਆ ਗਿਆ ਕਿ ਕੀ ਖਾਨ ਦਾ ਬੇਟਾ ਤੈਮੂਰ ਉਸ ਦੇ ਨਾਲ ਹਸਪਤਾਲ ਗਿਆ ਸੀ ਤਾਂ ਉਸ ਨੇ ਕਿਹਾ,‘ਉਹ (ਸੈਫ) ਆਟੋ ਰਿਕਸ਼ਾ ’ਚ ਬੈਠੇ ਅਤੇ 7-8 ਸਾਲ ਦਾ ਇਕ ਲੜਕਾ ਵੀ ਰਿਕਸ਼ਾ ’ਚ ਬੈਠਾ।’ ਆਟੋ ਰਿਕਸ਼ਾ ਚਾਲਕ ਨੇ ਕਿਹਾ ਕਿ ਪਹਿਲਾਂ ਬਾਂਦ੍ਰਾ ’ਚ ਹੋਲੀ ਫੈਮਿਲੀ ਹਸਪਤਾਲ ਜਾਣ ਦੀ ਯੋਜਨਾ ਸੀ ਪਰ ਫਿਰ ਸੈਫ ਨੇ ਬਾਂਦ੍ਰਾ ’ਚ ਹੀ ਸਥਿਤ ਲੀਲਾਵਤੀ ਹਸਪਤਾਲ ਜਾਣ ਲਈ ਕਿਹਾ।

ਰਾਣਾ ਨੇ ਕਿਹਾ,‘ਜਦ ਅਸੀਂ ਹਸਪਤਾਲ ਪਹੁੰਚੇ ਤਾਂ ਉਨ੍ਹਾਂ (ਸੈਫ) ਨੇ ਗੇਟ ’ਤੇ ਖੜ੍ਹੇ ਗਾਰਡ ਨੂੰ ਸੱਦਿਆ ਅਤੇ ਕਿਹਾ,‘ਕ੍ਰਿਪਾ ਕਰ ਕੇ ਸਟ੍ਰੈਚਰ ਲਿਆਓ, ਮੈਂ ਸੈਫ ਅਲੀ ਖਾਨ ਹਾਂ।’ ਆਟੋਰਿਕਸ਼ਾ ਚਾਲਕ ਨੇ ਕਿਹਾ ਕਿ 7-8 ਮਿੰਟਾਂ ’ਚ ਅਭਿਨੇਤਾ ਨੂੰ ਹਸਪਤਾਲ ਛੱਡਣ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਤੋਂ ਕਿਰਾਇਆ ਵੀ ਨਹੀਂ ਲਿਆ।

ਰਾਣਾ ਨੇ ਕਿਹਾ ਕਿ ਅਭਿਨੇਤਾ ਆਟੋ ’ਚ ਲੜਕੇ ਨਾਲ ਗੱਲ ਕਰ ਰਹੇ ਸਨ ਅਤੇ ਆਟੋ ’ਚ ਇਕ ਨੌਜਵਾਨ ਵੀ ਸੀ। ਰਾਣਾ ਸ਼ਾਇਦ ਸੈਫ ਅਲੀ ਖਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਅਮ੍ਰਿਤਾ ਸਿੰਘ ਦੇ 23 ਸਾਲਾ ਬੇਟੇ ਅਬ੍ਰਾਹਿਮ ਅਲੀ ਖਾਨ ਬਾਰੇ ਗੱਲ ਕਰ ਰਹੇ ਸਨ।

ਮੁੰਬਈ ਪੁਲਸ ਨੇ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ’ਤੇ ਚਾਕੂ ਨਾਲ ਹੋਏ ਹਮਲੇ ਦੇ ਸਬੰਧ ’ਚ ਇਕ ਤਰਖਾਨ ਤੋਂ ਪੁੱਛਗਿੱਛ ਕੀਤੀ ਹੈ, ਜਿਸ ਨੇ ਘਟਨਾ ਤੋਂ 2 ਦਿਨ ਪਹਿਲਾਂ ਖਾਨ ਦੇ ਫਲੈਟ ’ਚ ਕੰਮ ਕੀਤਾ ਸੀ। ਅਧਿਕਾਰੀ ਨੇ ਕਿਹਾ ਕਿ ਵਿਅਕਤੀ ਦੀ ਪਛਾਣ ਵਾਰਿਸ ਅਲੀ ਸਲਮਾਨੀ ਦੇ ਰੂਪ ’ਚ ਹੋਈ ਹੈ।

ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਪੁੱਛਗਿੱਛ ਲਈ ਬਾਂਦ੍ਰਾ ਥਾਣੇ ਲਿਜਾਇਆ ਗਿਆ ਕਿਉਂਕਿ ਉਹ ਉਸ ਘੁਸਪੈਠੀਏ ਨਾਲ ਮਿਲਦਾ-ਜੁਲਦਾ ਸੀ, ਜਿਸ ਨੇ ਚੋਰੀ ਦੀ ਕੋਸ਼ਿਸ਼ ਦੌਰਾਨ ਵੀਰਵਾਰ ਸਵੇਰੇ ਖਾਨ (54) ’ਤੇ ਚਾਕੂ ਨਾਲ ਕਈ ਵਾਰ ਕੀਤੇ ਸਨ। ਸੀ. ਸੀ. ਟੀ. ਵੀ. ਫੁਟੇਜ ’ਚ ਹਮਲਾਵਰ ਦਾ ਚਿਹਰਾ ਸਾਫ ਤੌਰ ’ਤੇ ਦਿਖਾਈ ਦਿੱਤਾ।


author

Rakesh

Content Editor

Related News