ਪੁਲਵਾਮਾ ਹਮਲੇ ਦਾ ਬਦਲਾ ਲੈਣਾ ਤਾਂ 40 ਦੇ ਬਦਲੇ 400 ਮਾਰੋ : ਕੇਜਰੀਵਾਲ
Monday, Feb 25, 2019 - 03:31 PM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਪੁਲਵਾਮਾ ਹਮਲੇ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਆਖਿਆ ਕਿ ਜੇਕਰ ਪੁਲਵਾਮਾ ਹਮਲੇ ਦਾ ਬਦਲਾ ਲੈਣਾ ਹੈ ਤਾਂ 40 ਦੇ ਬਦਲੇ 400 ਮਾਰੋ, ਤਾਂ ਜਾ ਕੇ ਇਹ ਬਦਲਾ ਪੂਰਾ ਹੋਵੇਗਾ। ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਸਖਤ ਐਕਸ਼ਨ ਲੈਣ ਲਈ ਕਿਹਾ। ਵਾਰ-ਵਾਰ ਭਾਰਤ ਦਾ ਅਪਮਾਨ ਹੋ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਗਲਤ ਸੰਦੇਸ਼ ਦੇਣ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਬਿਨਾਂ ਬੁਲਾਏ ਹੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਨਮ ਦਿਨ 'ਤੇ ਪਾਕਿਸਤਾਨ ਚੱਲੇ ਗਏ। ਪਠਾਨਕੋਟ 'ਚ ਹਮਲਾ ਹੋਇਆ, ਉਨ੍ਹਾਂ ਦੇ ਹੀ ਅੱਤਵਾਦੀਆਂ ਨੇ ਏਅਰਬੇਸ 'ਤੇ ਹਮਲਾ ਕਰਵਾਇਆ ਸੀ। ਪਾਕਿਸਤਾਨ ਸਾਨੂੰ ਕਮਜ਼ੋਰ ਸਮਝਦਾ ਹੈ।
ਦਰਅਸਲ ਕੇਜਰੀਵਾਲ ਇਕ ਨਿੱਜੀ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ। ਜਿਸ ਵਿਚ ਉਨ੍ਹਾਂ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਗੱਲ ਕੀਤੀ ਅਤੇ ਕੇਂਦਰ ਸਰਕਾਰ ਨੂੰ ਐਕਸ਼ਨ ਲੈਣ ਦੀ ਗੱਲ ਆਖੀ। ਉਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ 10 ਗੁਣਾ ਵੱਧ ਨੁਕਸਾਨ ਪਹੁੰਚਾ ਕੇ ਬਦਲਾ ਲੈਣ ਦੀ ਗੱਲ ਕਹੀ ਹੈ। ਇੱਥੇ ਦੱਸ ਦੇਈਏ ਕਿ ਕੇਜਰੀਵਾਲ ਇਕ ਮਾਰਚ ਨੂੰ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ ਭੁੱਖ ਹੜਤਾਲ 'ਤੇ ਬੈਠਣਗੇ। ਦੱਸਣਯੋਗ ਹੈ ਕਿ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲਾ ਹੋਇਆ, ਜਿਸ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਪਠਾਨਕੋਟ ਅਤੇ ਉੜੀ 'ਚ ਹੋਏ ਹਮਲੇ ਤੋਂ ਬਾਅਦ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ।