ਹਥਿਆਰਬੰਦ ਬਦਮਾਸ਼ਾਂ ਨੇ ਘਰ ’ਚ ਕੀਤੀ ਲੁੱਟ-ਖੋਹ ਫਿਰ ਵਿਅਕਤੀ ਨੂੰ ਛੱਤ ਤੋਂ ਹੇਠਾਂ ਸੁੱਟਿਆ
Monday, Aug 09, 2021 - 01:10 PM (IST)
ਨੋਇਡਾ (ਭਾਸ਼ਾ)— ਉੱਤਰ ਪ੍ਰਦੇਸ਼ ’ਚ ਗੌਤਮਬੁੱਧ ਨਗਰ ਜ਼ਿਲ੍ਹੇ ਦੇ ਮੂੰਛਖੇੜਾ ਪਿੰਡ ਵਿਚ ਕੁਝ ਹਥਿਆਰਬੰਦ ਬਦਮਾਸ਼ਾਂ ਨੇ ਇਕ ਘਰ ’ਚ ਦਾਖ਼ਲ ਹੋ ਕੇ ਲੁੱਟ-ਖੋਹ ਕੀਤੀ। ਬਸ ਇੰਨਾ ਹੀ ਨਹੀਂ ਲੁੱਟ-ਖੋਹ ਕਰਨ ਆਏ ਬਦਮਾਸ਼ਾਂ ਨੇ ਕੁੱਟਮਾਰ ਵੀ ਕੀਤੀ ਅਤੇ ਵਿਰੋਧ ਕਰਨ ’ਤੇ ਪਰਿਵਾਰ ਦੇ ਇਕ ਮੈਂਬਰ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਪਰਿਵਾਰ ਵਾਲਿਆਂ ਨੇ ਇਕ ਬਦਮਾਸ਼ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਛੱਤ ਤੋਂ ਹੇਠਾਂ ਸੁੱਟਿਆ ਗਿਆ ਵਿਅਕਤੀ ਜ਼ਖਮੀ ਹੋ ਗਿਆ ਹੈ। ਹੋਰ ਫਰਾਰ ਬਦਮਾਸ਼ਾਂ ਨੂੰ ਫੜਨ ਲਈ ਪੁਲਸ ਦੀਆਂ ਦੋ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਓਧਰ ਪੁਲਸ ਡਿਪਟੀ ਕਮਿਸ਼ਨਰ ਅਭਿਸ਼ੇਕ ਨੇ ਦੱਸਿਆ ਕਿ ਥਾਣਾ ਦਨਕੌਰ ਖੇਤਰ ਦੇ ਮੂੰਛਖੇੜਾ ਪਿੰਡ ਵਿਚ ਲੋਕੇਸ਼ ਸ਼ਰਮਾ ਦੇ ਘਰ ’ਤੇ ਐਤਵਾਰ ਦੇਰ ਰਾਤ ਬਦਮਾਸ਼ ਦਾਖ਼ਲ ਹੋ ਗਏ ਅਤੇ ਲੁੱਟ-ਖੋਹ ਕਰਨ ਲੱਗੇ। ਉਸ ਦੌਰਾਨ ਲੋਕੇਸ਼ ਦਾ ਪੁੱਤਰ ਸੰਦੀਪ ਸ਼ਰਮਾ ਜਾਗ ਗਿਆ ਅਤੇ ਉਸ ਨੇ ਆਪਣੇ ਭਰਾ ਅਤੇ ਪਿਤਾ ਨੂੰ ਵੀ ਜਗਾਇਆ। ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਪਹਿਲਾਂ ਘਰ ’ਚ ਹੇਠਾਂ ਲੁੱਟ-ਖੋਹ ਕੀਤੀ ਅਤੇ ਫਿਰ ਪਹਿਲੀ ਮੰਜ਼ਿਲ ’ਤੇ ਲੁੱਟ-ਖੋਹ ਕਰਨ ਲੱਗੇ। ਪੀੜਤਾਂ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਜਦੋਂ ਲੁੱਟ-ਖੋਹ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਸੰਦੀਪ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇਸ ਦਰਮਿਆਨ ਪਰਿਵਾਰ ਵਾਲਿਆਂ ਨੇ ਇਕ ਬਦਮਾਸ਼ ਨੂੰ ਫੜ ਕੇ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਰੌਲਾ ਪਾਉਣ ਲੱਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੌਲਾ ਸੁਣ ਕੇ ਪਿੰਡ ਵਾਸੀ ਲੋਕੇਸ਼ ਦੇ ਘਰ ਦੇ ਬਾਹਰ ਇਕੱਠੇ ਹੋ ਗਏ, ਜਿਸ ਤੋਂ ਬਾਅਦ ਤਿੰਨ ਬਦਮਾਸ਼ ਛੱਤ ਦੇ ਰਸਤਿਓਂ ਫਰਾਰ ਹੋ ਗਏ। ਪੀੜਤ ਦੀ ਸੂਚਨਾ ’ਤੇ ਪੁੱਜੀ ਕੋਤਵਾਲੀ ਦਨਕੌਰ ਪੁਲਸ ਨੇ ਕਮਰੇ ਵਿਚ ਬੰਦ ਕੀਤੇ ਗਏ ਬਦਮਾਸ਼ ਨੂੰ ਹਿਰਾਸਤ ਲੈ ਲਿਆ। ਪੁਲਸ ਨੇ ਦੱਸਿਆ ਕਿ ਗਿ੍ਰਫ਼ਤਾਰ ਬਦਮਾਸ਼ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।