ਟਪੂਸੀਆਂ ਮਾਰਨ ਵਾਲੀ ਨਵੀਂ ਸਿਆਸੀ ਪਾਰਟੀ ਦੀ ਹਿਮਾਚਲ ’ਚ ਨਿਕਲੇਗੀ ਫੂਕ: ਅਨੁਰਾਗ

04/03/2022 10:19:30 AM

ਊਨਾ (ਸੁਰਿੰਦਰ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਜਿਹੜੀ ਇਕ ਨਵੀਂ ਸਿਆਸੀ ਪਾਰਟੀ ਪੰਜਾਬ ’ਚ ਜਿੱਤਣ ਪਿਛੋਂ ਛਾਲਾਂ ਮਾਰ ਰਹੀ ਹੈ, ਯੂ. ਪੀ. ’ਚ ਉਸ ਸਿਆਸੀ ਪਾਰਟੀ ਦੀਆਂ 397ਵੇਂ ਸੀਟਾਂ ’ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਆਮ ਆਦਮੀ ਪਾਰਟੀ ਦਾ ਨਾਂ ਲਏ ਬਿਨਾਂ ਕੇਂਦਰੀ ਮੰਤਰੀ ਨੇ ਉਸ ’ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਗੋਆ, ਮਣੀਪੁਰ ਅਤੇ ਉੱਤਰਾਖੰਡ ’ਚ ਵੀ ਇਸ ਸਿਆਸੀ ਪਾਰਟੀ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਉਕਤ ਸਭ ਸੂਬਿਆਂ ’ਚ ਉਸ ਦੀ ਬਹੁਤ ਮਾੜੀ ਹਾਲਤ ਹੋਈ। ਮੀਡੀਆ ’ਚ ਆਖਰ ਇਸ ਬਾਰੇ ਚਰਚਾ ਕਿਉਂ ਨਹੀਂ ਹੁੰਦੀ?

ਟੀਮ ਦੇ ਰੂਪ ’ਚ ਲੜਾਂਗੇ, ਪਹਿਲਾਂ ਤੋਂ ਵਧ ਸੀਟਾਂ ਜਿਤਾਂਗੇ-
ਅਨੁਰਾਗ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਪੰਜਾਬ ’ਚ ਜਿੱਤ ਨੂੰ ਲੈ ਕੇ ਟਪੂਸੀਆਂ ਮਾਰਨ ਵਾਲੀ ਇਸ ਸਿਆਸੀ ਪਾਰਟੀ ਦੀ ਹਿਮਾਚਲ ’ਚ ਵੀ ਫੂਕ ਪੂਰੀ ਤਰ੍ਹਾਂ ਨਿਕਲ ਜਾਏਗੀ। ਹਿਮਾਚਲ ’ਚ ਭਾਜਪਾ ਟੀਮ ਵਜੋਂ ਚੋਣ ਲੜੇਗੀ ਅਤੇ ਪਹਿਲਾਂ ਤੋਂ ਵਧ ਸੀਟਾਂ ਜਿੱਤ ਕੇ ਮੁੜ ਤੋਂ ਸੱਤਾ ’ਚ ਆਏਗੀ। ਕਾਂਗਰਸ ਪਾਰਟੀ ਪੰਜਾਬ ’ਚ ਖਿਲਰ ਚੁਕੀ ਹੈ। ਇਹ ਪਾਰਟੀ ਹੁਣ ਖਤਮ ਹੋ ਚੁਕੀ ਹੈ। ਨਾ ਤਾਂ ਕਾਂਗਰਸ ਨੂੰ ਕੋਈ ਸਫਲਤਾ ਮਿਲੇਗੀ ਅਤੇ ਨਾ ਹੀ ਭਾਜਪਾ ਤੋਂ ਇਲਾਵਾ ਕਿਸੇ ਹੋਰ ਪਾਰਟੀ ਨੂੰ ਹਿਮਾਚਲ ’ਚ ਜਿੱਤ ਦਰਜ ਕਰੇਗੀ।

ਅਨੁਰਾਗ ਠਾਕੁਰ ਨੇ ਕਿਹਾ ਕਿ 4 ਸੂਬਿਆਂ ’ਚ ਹੋਈਆਂ ਚੋਣਾਂ ’ਚ ਪ੍ਰਧਾਨ ਮੰਤਰੀ ਮੋਦੀ ਦਾ ਜਲਵਾ ਦੇਖਣ ਨੂੰ ਮਿਲਿਆ ਹੈ। ਮੋਦੀ ਦੀ ਦਮਦਾਰ ਅਗਵਾਈ ਹੇਠ ਇਸ ਸਾਲ ਹੁਣ ਤੱਕ 4 ਸੂਬਿਆਂ ’ਚ ਭਾਜਪਾ ਨੂੰ ਜਿੱਤ ਮਿਲ ਚੁਕੀ ਹੈ। ਇਸੇ ਸਾਲ ਗੁਜਰਾਤ ਅਤੇ ਹਿਮਾਚਲ ’ਚ ਵੀ ਜਿੱਤ ਪਿਛੋਂ 6 ਸੂਬੇ ਭਾਜਪਾ ਦੇ ਹੋ ਜਾਣਗੇ। ਪਾਰਟੀ ਲਗਾਤਾਰ ਆਪਣਾ ਜਨਾਧਾਰ ਵਧਾ ਰਹੀ ਹੈ। ਰਾਜ ਸਭਾ ’ਚ ਇਸ ਦੇ ਸੰਸਦ ਮੈਂਬਰਾਂ ਦੀ ਗਿਣਤੀ 100 ਹੋ ਚੁਕੀ ਹੈ। ਉਨ੍ਹਾਂ ਭਾਜਪਾ ਵਰਕਰਾਂ ਨੂੰ ਕੇਂਦਰ ਅਤੇ ਹਿਮਾਚਲ ’ਚ ਸਰਕਾਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਕਾਰਨ ਹਿਮਾਚਲ ਦੇ ਵਿਕਾਸ ਨੇ ਰਫਤਾਰ ਫੜੀ ਹੈ।


Tanu

Content Editor

Related News