ਚਾਹਲ-ਧਨਸ਼੍ਰੀ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਦੇ ਰਿਸ਼ਤੇ 'ਚ ਵੀ ਪਈ 'ਫਿੱਕ', ਇਕ ਦੂਜੇ ਨੂੰ ਕੀਤਾ Unfollow
Friday, Jan 10, 2025 - 03:42 AM (IST)
ਸਪੋਰਟਸ ਡੈਸਕ- ਹਾਲੇ ਭਾਰਤੀ ਟੀਮ ਦੇ ਧਾਕੜ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਤੇ ਧਨਸ਼੍ਰੀ ਵਰਮਾ ਦੇ ਤਲਾਕ ਦਾ ਮਾਮਲਾ ਠੰਡਾ ਨਹੀਂ ਪਿਆ ਕਿ ਇਕ ਹੋਰ ਭਾਰਤੀ ਕ੍ਰਿਕਟਰ ਦਾ ਘਰ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਪਈਆਂ ਹਨ।
ਇਹ ਤਾਜ਼ਾ ਮਾਮਲਾ ਭਾਰਤੀ ਟੀਮ ਦੇ ਸ਼ਾਨਦਾਰ ਬੱਲੇਬਾਜ਼ ਤੇ ਆਈ.ਪੀ.ਐੱਲ. 'ਚ ਕੋਲਕਾਤਾ ਨਾਈਟ ਰਾਈਡਰਜ਼ ਲਈ ਕਈ ਮੈਚ ਜਿਤਾਊ ਪਾਰੀਆਂ ਖੇਡ ਚੁੱਕੇ ਮਨੀਸ਼ ਪਾਂਡੇ ਦਾ ਹੈ, ਜਿਨ੍ਹਾਂ ਦੀਆਂ ਆਪਣੀ ਪਤਨੀ ਅਰਸ਼ਿਤਾ ਸ਼ੈੱਟੀ ਨਾਲ ਵੱਖ ਹੋ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਜਾਣਕਾਰੀ ਅਨੁਸਾਰ ਮਨੀਸ਼ ਪਾਂਡੇ ਤੇ ਅਰਸ਼ਿਤਾ ਨੇ ਇਕ-ਦੂਜੇ ਨੂੰ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਅਨਫਾਲੋ ਕਰ ਦਿੱਤਾ ਹੈ। ਇਹੀ ਨਹੀਂ, ਦੋਵਾਂ ਨੇ ਇਕ ਦੂਜੇ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।
ਹਾਲਾਂਕਿ ਇਸ ਗੱਲ ਦਾ ਉਨ੍ਹਾਂ ਦੇ ਵਿਆਹੁਤਾ ਜੀਵਨ ਨਾਲ ਕੀ ਸਬੰਧ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸ ਹੀ ਦੇਵੇਗਾ, ਪਰ ਅੱਜ-ਕੱਲ ਜਿਸ ਤਰ੍ਹਾਂ ਸੋਸ਼ਲ ਮੀਡਆ 'ਤੇ ਰਿਸ਼ਤੇ ਟੁੱਟ ਰਹੇ ਹਨ, ਉਸ ਹਿਸਾਬ ਨਾਲ ਮਨੀਸ਼ ਪਾਂਡੇ ਦੇ ਚਾਹੁਣ ਵਾਲੇ ਉਨ੍ਹਾਂ ਦੇ ਇਸ ਕਦਮ ਤੋਂ ਕਾਫ਼ੀ ਚਿੰਤਾ 'ਚ ਹਨ।
ਇਸ ਤੋਂ ਪਹਿਲਾਂ ਹਾਰਦਿਕ ਪੰਡਯਾ ਤੇ ਨਤਾਸ਼ਾ ਸਟਾਨਕੋਵਿਕ ਨੇ ਵੀ ਇਸੇ ਤਰ੍ਹਾਂ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਅਨਫਾਲੋ ਕਰਨ ਤੋਂ ਬਾਅਦ ਇਕ ਪੋਸਟ ਸਾਂਝੀ ਕਰ ਕੇ ਇਕ ਦੂਜੇ ਨਾਲ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਸੀ।
ਇਸ ਤੋਂ ਬਾਅਦ ਅੱਜ-ਕੱਲ ਯੁਜਵੇਂਦਰ ਚਾਹਲ ਤੇ ਧਨਸ਼੍ਰੀ ਨੇ ਵੀ ਇਸੇ ਤਰ੍ਹਾਂ ਇਕ-ਦੂਜੇ ਨੂੰ ਸੋਸ਼ਲ ਮੀਡੀਆ ਤੋਂ ਇਕ-ਦੂਜੇ ਨੂੰ ਅਨਫਾਲੋ ਕੀਤਾ ਹੋਇਆ ਹੈ ਤੇ ਦੋਵੇਂ ਇਸ ਮਾਮਲੇ ਨੂੰ ਲੈ ਕੇ ਕੁਝ ਵੀ ਖੁੱਲ੍ਹ ਕੇ ਬੋਲਣ ਤੋਂ ਬਚ ਰਹੇ ਹਨ।
ਜ਼ਿਕਰਯੋਗ ਹੈ ਕਿ 1989 ਨੂੰ ਉੱਤਰਾਖੰਡ 'ਚ ਜਨਮੇ ਮਨੀਸ਼ ਪਾਂਡੇ ਨੇ 2 ਦਸੰਬਰ 2019 ਨੂੰ ਤਾਮਿਲ ਫ਼ਿਲਮਾਂ ਦੀ ਅਦਾਕਾਰਾ ਅਰਸ਼ਿਤਾ ਸ਼ੈੱਟੀ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੇ ਕਰੀਬ 5 ਸਾਲ ਤੱਕ ਆਪਣਾ ਰਿਸ਼ਤਾ ਖ਼ੂਬਸੂਰਤੀ ਨਾਲ ਨਿਭਾਇਆ ਹੈ।
ਮਨੀਸ਼ ਪਾਂਡੇ ਲੰਬੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਹਨ, ਜਦਕਿ ਆਈ.ਪੀ.ਐੱਲ. 'ਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਹ ਇਸ ਟੂਰਨਾਮੈਂਟ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣੇ ਸਨ। ਉਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 2014 'ਚ ਚੈਂਪੀਅਨ ਬਣਾਉਣ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਫਾਈਨਲ ਮੁਕਾਬਲੇ 'ਚ ਉਨ੍ਹਾਂ ਨੇ 200 ਦੌੜਾਂ ਦਾ ਪਿੱਛਾ ਕਰਨ ਉਤਰੀ ਕੇ.ਕੇ.ਆਰ. ਲਈ 50 ਗੇਂਦਾਂ 'ਚ 94 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਟਰਾਫ਼ੀ ਟੀਮ ਦੀ ਝੋਲੀ ਪਾਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e