TEAM INDIA ''ਚੋਂ ਡਰਾਪ ਹੋਏ ਕ੍ਰਿਕਟਰ ਨੂੰ BCCI ਦੇਵੇਗਾ ਵੱਡਾ ਐਵਾਰਡ, ਇਹ ਦਿੱਗਜ ਵੀ ਹੋਵੇਗਾ ਸਨਮਾਨਿਤ
Thursday, Mar 12, 2026 - 04:23 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ 15 ਮਾਰਚ ਨੂੰ ਨਵੀਂ ਦਿੱਲੀ ਵਿੱਚ ਸਾਲਾਨਾ 'ਨਮਨ ਐਵਾਰਡਜ਼' ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ 'ਕ੍ਰਿਕਟਰ ਆਫ ਦਿ ਈਅਰ' ਐਵਾਰਡ ਨਾਲ ਨਿਵਾਜਿਆ ਜਾਵੇਗਾ। ਹਾਲਾਂਕਿ ਗਿੱਲ ਨੂੰ ਆਈਸੀਸੀ ਮੇਨਜ਼ ਟੀ-20 ਵਿਸ਼ਵ ਕੱਪ 2026 ਲਈ 15 ਮੈਂਬਰੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਸੀ ਪਰ ਸਾਲ 2025 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਬੋਰਡ ਨੇ ਉਨ੍ਹਾਂ ਨੂੰ ਇਸ ਵੱਡੇ ਸਨਮਾਨ ਲਈ ਚੁਣਿਆ ਹੈ।
ਸ਼ੁਭਮਨ ਗਿੱਲ ਨੇ ਸਾਲ 2025 ਦੌਰਾਨ ਟੈਸਟ ਅਤੇ ਵਨਡੇ ਕ੍ਰਿਕਟ ਵਿੱਚ ਬਿਹਤਰੀਨ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ 9 ਟੈਸਟ ਮੈਚਾਂ ਵਿੱਚ 70.21 ਦੀ ਔਸਤ ਨਾਲ 983 ਰਨ ਬਣਾਏ, ਜਿਸ ਵਿੱਚ ਇਕੱਲੇ ਇੰਗਲੈਂਡ ਵਿਰੁੱਧ ਸੀਰੀਜ਼ ਵਿੱਚ 4 ਸੈਂਕੜਿਆਂ ਦੀ ਮਦਦ ਨਾਲ 754 ਰਨ ਮਲ ਸਨ। ਵਨਡੇ ਕ੍ਰਿਕਟ ਵਿੱਚ ਵੀ ਉਨ੍ਹਾਂ ਨੇ 11 ਮੈਚਾਂ ਵਿੱਚ 490 ਰਨ ਬਣਾਏ ਅਤੇ ਭਾਰਤ ਦੀ ਚੈਂਪੀਅਨਜ਼ ਟਰਾਫੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਕੁੱਲ ਮਿਲਾ ਕੇ ਗਿੱਲ ਨੇ 2025 ਵਿੱਚ 35 ਅੰਤਰਰਾਸ਼ਟਰੀ ਮੈਚਾਂ ਵਿੱਚ 7 ਸੈਂਕੜਿਆਂ ਦੀ ਮਦਦ ਨਾਲ 1,764 ਰਨ ਬਣਾਏ ਹਨ।
ਰਾਹੁਲ ਦ੍ਰਾਵਿੜ ਨੂੰ 'ਲਾਈਫਟਾਈਮ ਅਚੀਵਮੈਂਟ ਐਵਾਰਡ'
ਇਸ ਖਾਸ ਮੌਕੇ 'ਤੇ ਭਾਰਤੀ ਟੀਮ ਦੇ ਸਾਬਕਾ ਕੋਚ ਅਤੇ ਦਿੱਗਜ ਖਿਡਾਰੀ ਰਾਹੁਲ ਦ੍ਰਾਵਿੜ ਨੂੰ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਹਾਲ ਹੀ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਤੀਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ, ਜਿਸ ਵਿੱਚ ਸੰਜੂ ਸੈਮਸਨ ਅਤੇ ਈਸ਼ਾਨ ਕਿਸ਼ਨ ਨੇ ਸਭ ਤੋਂ ਵੱਧ ਰਨ ਬਣਾ ਕੇ ਇਤਿਹਾਸ ਰਚਿਆ।
ਟੀ-20 ਫਾਰਮੈਟ ਵਿੱਚ ਆਪਣੀ ਕਾਬਲੀਅਤ ਸਾਬਤ ਕਰਨ ਲਈ ਗਿੱਲ ਕੋਲ ਹੁਣ ਆਈਪੀਐਲ 2026 ਦਾ ਵੱਡਾ ਮੰਚ ਹੋਵੇਗਾ। ਉਹ ਗੁਜਰਾਤ ਟਾਈਟਨਸ ਦੀ ਕਪਤਾਨੀ ਕਰਦੇ ਹੋਏ 31 ਮਾਰਚ ਨੂੰ ਪੰਜਾਬ ਕਿੰਗਜ਼ ਵਿਰੁੱਧ ਆਪਣਾ ਪਹਿਲਾ ਮੈਚ ਖੇਡਣਗੇ। ਪਿਛਲੇ ਆਈਪੀਐਲ ਸੀਜ਼ਨ ਵਿੱਚ ਵੀ ਉਨ੍ਹਾਂ ਨੇ 50 ਦੀ ਔਸਤ ਨਾਲ 650 ਰਨ ਬਣਾਏ ਸਨ।
