ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ : ਕੁਰੇਨ

Tuesday, Mar 03, 2026 - 06:03 PM (IST)

ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ : ਕੁਰੇਨ

ਮੁੰਬਈ : ਭਾਰਤ ਦੇ ਖਿਲਾਫ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਅਹਿਮ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਇੰਗਲੈਂਡ ਦੇ ਆਲਰਾਊਂਡਰ ਸੈਮ ਕੁਰੇਨ ਨੇ ਵੱਡਾ ਬਿਆਨ ਦਿੱਤਾ ਹੈ। ਕੁਰੇਨ ਦਾ ਮੰਨਣਾ ਹੈ ਕਿ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਇੱਕ-ਦੂਜੇ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਹੁਣ ਰਣਨੀਤੀ ਪੱਖੋਂ ਲੁਕਾਉਣ ਲਈ ਕੁਝ ਨਹੀਂ ਬਚਿਆ ਹੈ। ਵੀਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਹੋਣ ਵਾਲੀ ਇਸ ਜੰਗ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਆਪਣੇ ਆਪ ਨੂੰ ਹਾਲਾਤਾਂ ਮੁਤਾਬਕ ਢਾਲਣ ਵਿੱਚ ਜੁਟੀ ਹੋਈ ਹੈ।

'ਸਟੇਡੀਅਮ ਨੂੰ ਖ਼ਾਮੋਸ਼ ਕਰਨ ਦਾ ਪਤਾ ਹੈ ਤਰੀਕਾ' 
ਸੈਮ ਕੁਰੇਨ ਨੇ ਅਭਿਆਸ ਸੈਸ਼ਨ ਦੌਰਾਨ ਕਿਹਾ ਕਿ ਵਾਨਖੇੜੇ ਇੱਕ ਸ਼ਾਨਦਾਰ ਸਟੇਡੀਅਮ ਹੈ ਅਤੇ ਭਾਰਤੀ ਸਮਰਥਕਾਂ ਦਾ ਭਾਰੀ ਸ਼ੋਰ ਰਹੇਗਾ, ਪਰ ਉਨ੍ਹਾਂ ਨੂੰ ਪਤਾ ਹੈ ਕਿ ਇਸ ਭੀੜ ਨੂੰ ਕਿਵੇਂ ਸ਼ਾਂਤ ਕਰਨਾ ਹੈ। ਉਨ੍ਹਾਂ ਅਨੁਸਾਰ, ਇੰਗਲੈਂਡ ਦੇ ਜ਼ਿਆਦਾਤਰ ਖਿਡਾਰੀ ਭਾਰਤ ਵਿੱਚ ਆਈਪੀਐਲ (IPL) ਖੇਡ ਚੁੱਕੇ ਹਨ ਅਤੇ ਉਹ ਭਾਰਤੀ ਖਿਡਾਰੀਆਂ ਦੀ ਖੇਡ ਸ਼ੈਲੀ ਤੋਂ ਭਲੀ-ਭਾਂਤ ਜਾਣੂ ਹਨ, ਇਸ ਲਈ ਉਹ ਕਿਸੇ ਵੀ ਚੀਜ਼ ਤੋਂ ਡਰਦੇ ਨਹੀਂ ਹਨ।

ਪਿਛਲੇ ਪ੍ਰਦਰਸ਼ਨ ਦਾ ਨਹੀਂ ਪਵੇਗਾ ਅਸਰ 
ਜ਼ਿਕਰਯੋਗ ਹੈ ਕਿ ਸਾਲ 2022 ਦੇ ਸੈਮੀਫਾਈਨਲ ਵਿੱਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ, ਜਦਕਿ 2024 ਵਿੱਚ ਭਾਰਤ ਨੇ ਇੰਗਲੈਂਡ 'ਤੇ 78 ਦੌੜਾਂ ਨਾਲ ਜਿੱਤ ਦਰਜ ਕਰਕੇ ਬਦਲਾ ਲਿਆ ਸੀ। ਇਸ ਟੂਰਨਾਮੈਂਟ ਵਿੱਚ ਇੰਗਲੈਂਡ ਦਾ ਪ੍ਰਦਰਸ਼ਨ ਉਤਾਰ-ਚੜ੍ਹਾਅ ਵਾਲਾ ਰਿਹਾ ਹੈ, ਜਿੱਥੇ ਉਨ੍ਹਾਂ ਨੇ ਨੇਪਾਲ ਨੂੰ ਸਿਰਫ਼ ਚਾਰ ਦੌੜਾਂ ਨਾਲ ਹਰਾਇਆ ਅਤੇ ਸੁਪਰ-8 ਵਿੱਚ ਪਾਕਿਸਤਾਨ 'ਤੇ ਦੋ ਵਿਕਟਾਂ ਨਾਲ ਜਿੱਤ ਦਰਜ ਕੀਤੀ। ਕੁਰੇਨ ਨੇ ਸਪੱਸ਼ਟ ਕੀਤਾ ਕਿ ਪਿਛਲਾ ਪ੍ਰਦਰਸ਼ਨ ਹੁਣ ਕੋਈ ਮਾਇਨੇ ਨਹੀਂ ਰੱਖਦਾ ਅਤੇ ਉਹ ਸੈਮੀਫਾਈਨਲ ਵਿੱਚ ਆਪਣਾ 'ਪਰਫੈਕਟ ਗੇਮ' ਦਿਖਾਉਣਗੇ।

ਤਿਆਰੀ ਲਈ ਦੋ ਦਿਨ ਦਾ ਸਮਾਂ 
ਕੁਰੇਨ ਨੇ ਦੱਸਿਆ ਕਿ ਮੈਚ ਤੋਂ ਪਹਿਲਾਂ ਉਨ੍ਹਾਂ ਕੋਲ ਅਭਿਆਸ ਲਈ ਦੋ ਦਿਨ ਦਾ ਸਮਾਂ ਹੈ, ਜਿਸ ਨਾਲ ਉਨ੍ਹਾਂ ਨੂੰ ਮੁੰਬਈ ਦੇ ਹਾਲਾਤਾਂ ਵਿੱਚ ਢਲਣ ਵਿੱਚ ਮਦਦ ਮਿਲੇਗੀ। ਦੋਵੇਂ ਟੀਮਾਂ ਇਸ ਚੁਣੌਤੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਪ੍ਰਸ਼ੰਸਕਾਂ ਨੂੰ ਇੱਕ ਰੋਮਾਂਚਕ ਮੁਕਾਬਲੇ ਦੀ ਉਮੀਦ ਹੈ।


author

Tarsem Singh

Content Editor

Related News