ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਇਕ ਹੋਰ ਦੋਸ਼ੀ ਕੁਰੂਕਸ਼ੇਤਰ ''ਚ ਗ੍ਰਿਫਤਾਰ

06/21/2017 9:43:36 PM

ਕੁਰੂਕਸ਼ੇਤਰ— ਕੁਰੂਕਸ਼ੇਤਰ ਪੁਲਸ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਅਮਨ ਕੁਮਾਰ ਨਾਂ ਦੇ ਇਸ ਸ਼ਖਸ਼ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਹਮਲਾਵਰਾਂ ਨੂੰ ਪੁਲਸ ਦੀਆਂ ਨਕਲੀ ਵਰਦੀਆਂ ਮੁਹੱਈਆ ਕਰਵਾਈਆਂ ਸਨ, ਜਿਸਤੋਂ ਬਾਅਦ ਦੋਸ਼ੀਆਂ ਨੇ ਜੇਲ੍ਹ 'ਤੇ ਹਮਲਾ ਕੀਤਾ ਸੀ। ਪੁਲਸ ਨੇ ਜੀਟੀ ਰੋਡ ਤੋਂ ਇਸ ਨੂੰ ਪੁਲਸ ਦਾ ਟੈਗ ਲੱਗੀ ਇਕ ਗੱਡੀ 'ਚੋਂ ਫੜ੍ਹਿਆ ਹੈ। ਪਹਿਲਾਂ ਦੋਸ਼ੀ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਗਿਆ, ਪਰ ਪੁੱਛਗਿੱਛ ਤੋਂ ਬਾਅਦ ਇਸਦੇ ਕੋਲੋਂ ਨਕਲੀ ਪੁਲਸ ਆਈ.ਡੀ., ਨਕਲੀ ਸੀ.ਬੀ.ਆਈ. ਤੇ ਰਾਅ ਦਾ ਪਛਾਣ ਪੱਤਰ ਵੀ ਮਿਲਿਆ। 
ਇਸ ਦੋਸ਼ੀ ਦੇ ਤਾਰ ਨਾਭਾ ਜੇਲ੍ਹ ਬ੍ਰੇਕ ਕਾਂਡ ਨਾਲ ਜੁੜੇ ਦੱਸੇ ਜਾ ਰਹੇ ਹਨ। ਪਿਛਲੇ ਸਾਲ ਨਵੰਬਰ 'ਚ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਪ੍ਰਮੁੱਖ ਹਰਮਿੰਦਰ ਮਿੰਟੂ ਆਪਣੇ ਪੰਜ ਸਾਥੀਆਂ ਨਾਲ ਨਾਭਾ ਜੇਲ੍ਹ ਤੋਂ ਫਰਾਰ ਹੋ ਗਿਆ ਸੀ, ਜਿਨ੍ਹਾਂ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਅਮਨ ਕੁਮਾਰ ਨੇ ਮਿੰਟੂ ਨੂੰ ਜੇਲ੍ਹ ਤੋਂ ਭਜਾਉਣ 'ਚ ਮਦਦ ਕੀਤੀ ਸੀ। 


Related News