ਅਮਰਨਾਥ ਯਾਤਰਾ : ਮਹੰਤ ਦੀਪੇਂਦਰ ਗਿਰੀ ਨੇ ਛੜੀ ਮੁਬਾਰਕ ਪ੍ਰੋਗਰਾਮ ਦਾ ਕੀਤਾ ਐਲਾਨ

Thursday, Jun 29, 2023 - 11:54 AM (IST)

ਅਮਰਨਾਥ ਯਾਤਰਾ : ਮਹੰਤ ਦੀਪੇਂਦਰ ਗਿਰੀ ਨੇ ਛੜੀ ਮੁਬਾਰਕ ਪ੍ਰੋਗਰਾਮ ਦਾ ਕੀਤਾ ਐਲਾਨ

ਸ੍ਰੀਨਗਰ/ਜੰਮੂ, (ਕਮਲ)- ਮਹੰਤ ਦੀਪੇਂਦਰ ਗਿਰੀ ਮਹੰਤ ਛੜੀ ਮੁਬਾਰਕ ਸਵਾਮੀ ਅਮਰਨਾਥ ਨੇ ਸਾਧੂਆਂ ਅਤੇ ਆਮ ਲੋਕਾਂ ਲਈ ਛੜੀ-ਮੁਬਾਰਕ ਅਮਰਨਾਥ ਯਾਤਰਾ-2023 ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ।

ਦੀਪੇਂਦਰ ਗਿਰੀ ਨੇ ਮੰਗਲਵਾਰ ਦਸਿਆ ਕਿ ਇਸ ਸਾਲ ਦੀ ਤੀਰਥ ਯਾਤਰਾ ਵਧੇਰੇ ਮਹੱਤਵ ਰੱਖਦੀ ਹੈ ਕਿਉਂਕਿ ਇਸ ਸਾਲ ‘2 ਸਾਉਣ’ ਮਹੀਨੇ ਪੈ ਰਹੇ ਹਨ । ਇਹ ਅਨੋਖੀ ਖਗੋਲੀ ਘਟਨਾ 19 ਸਾਲਾਂ ਬਾਅਦ ਵਾਪਰੀ ਹੈ। ਸਦੀਆਂ ਪੁਰਾਣੀ ਪਰੰਪਰਾ ਅਨੁਸਾਰ ਛੜੀ ਮੁਬਾਰਕ ਸਵਾਮੀ ਅਮਰਨਾਥ ਦੀ ਸਾਲਾਨਾ ਤੀਰਥ ਯਾਤਰਾ ਦੀ ਰਵਾਇਤੀ ਸ਼ੁਰੂਆਤ ਵਜੋਂ ਭੂਮੀ-ਪੂਜਨ, ਨਵਗ੍ਰਹਿ ਪੂਜਨ ਅਤੇ ਝੰਡਾ ਲਹਿਰਾਉਣ ਵਰਗੀਆਂ ਰਸਮਾਂ ਹਾੜ ਪੂਰਨਮਾ (ਵਿਆਸ-ਪੂਰਨਮਾ) ਦੇ ਸ਼ੁਭ ਮੌਕੇ ’ਤੇ ਪਹਿਲਗਾਮ ਵਿਖੇ ਨਿਭਾਈਆਂ ਜਾਣਗੀਆਂ। ਹਾੜ ਪੂਰਨਮਾ (ਵਿਆਸ-ਪੂਰਨਮਾ) ਇਸ ਸਾਲ ਸੋਮਵਾਰ 3 ਜੁਲਾਈ ਨੂੰ ਹੈ।

ਸ਼ਨੀਵਾਰ 19 ਅਗਸਤ, 2023 ਨੂੰ ਸ਼੍ਰੀ ਅਮਰੇਸ਼ਵਰ ਮੰਦਰ ਦਸ਼ਨਮੀ ਅਖਾੜਾ ਸ਼੍ਰੀਨਗਰ ਵਿਖੇ ਛੜੀ ਦੀ ਸਥਾਪਨਾਂ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਛੜੀ ਮੁਬਾਰਕ ਨੂੰ 16 ਅਗਸਤ ਨੂੰ ਇਤਿਹਾਸਕ ਸ਼ੰਕਰਾਚਾਰੀਆ ਮੰਦਰ ਅਤੇ 17 ਅਗਸਤ ਨੂੰ ਸ਼ਰੀਕਾ ਭਵਾਨੀ ਮੰਦਰ ਵਿਖੇ ਲਿਜਾਇਆ ਜਾਵੇਗਾ। ਇਸ ਤੋਂ ਬਾਅਦ 21 ਅਗਸਤ ਨੂੰ ਨਾਗਪੰਚਮੀ ਦੇ ਸ਼ੁਭ ਮੌਕੇ ’ਤੇ ਦਸ਼ਨਾਮੀ ਅਖਾੜਾ ਸ੍ਰੀਨਗਰ ਵਿਖੇ ਪੂਜਾ ਅਰਚਨਾ ਕਰਨ ਉਪਰੰਤ ਮਹੰਤ ਦੀਪੇਂਦਰ ਗਿਰੀ ਪਵਿੱਤਰ ਛੜੀ ਲੈ ਕੇ ਪੂਜਾ ਅਰਚਨਾ ਕਰਨਗੇ ਅਤੇ ਸਾਵਨ ਦੀ ਸਵੇਰ ਨੂੰ ਸਵਾਮੀ ਅਮਰਨਾਥ ਦੇ ਪਵਿੱਤਰ ਮੰਦਿਰ ਦੇ ਦਰਸ਼ਨ ਕਰਨਗੇ |

26 ਅਤੇ 27 ਅਗਸਤ ਨੂੰ ਪਹਿਲਗਾਮ, 28 ਅਗਸਤ ਨੂੰ ਚੰਦਨਵਾੜੀ, 29 ਅਗਸਤ ਨੂੰ ਸ਼ੇਸ਼ਨਾਗ ਅਤੇ 30 ਅਗਸਤ ਨੂੰ ਪੰਚਤਰਨੀ ’ਚ ਰਾਤ ਦੇ ਆਰਾਮ ਤੋਂ ਬਾਅਦ 31 ਅਗਸਤ ਨੂੰ ਪੂਰਨਮਾਸ਼ੀ ਵਾਲੇ ਦਿਨ ਪਵਿੱਤਰ ਗੁਫਾ ਵਿੱਚ ਪੂਜਾ ਅਰਚਨਾ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅਮਰਨਾਥ ਯਾਤਰਾ ਦੀ ਸਮਾਪਤੀ ਹੋਵੇਗੀ।


author

Rakesh

Content Editor

Related News