ਅਮਰਨਾਥ ਯਾਤਰਾ : ਸਖ਼ਤ ਸੁਰੱਖਿਆ ਦਰਮਿਆਨ 6500 ਤੋਂ ਵੱਧ ਸ਼ਰਧਾਲੂਆਂ ਦਾ ਜੱਥਾ ਦਰਸ਼ਨਾਂ ਲਈ ਰਵਾਨਾ

07/02/2024 10:27:45 AM

ਜੰਮੂ- ਸਾਲਾਨਾ ਅਮਰਨਾਥ ਯਾਤਰਾ 2024 ਦੇ ਚੌਥੇ ਦਿਨ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ ਜੰਮੂ ਤੋਂ ਕਸ਼ਮੀਰ ਵੱਲ 6500 ਤੋਂ ਵੱਧ ਤੀਰਥ ਯਾਤਰੀ ਰਵਾਨਾ ਹੋਏ। ਅਧਿਕਾਰੀਆਂ ਦੇ ਅੰਕੜਿਆਂ ਮੁਤਾਬਕ ਅਮਰਨਾਥ ਯਾਤਰਾ ਲਈ 6,537 ਸ਼ਰਧਾਲੂਆਂ ਦਾ ਜੱਥਾ ਭਗਵਤੀ ਨਗਰ ਆਧਾਰ ਕੈਂਪ ਤੋਂ ਦੱਖਣੀ ਕਸ਼ਮੀਰ ਦੇ ਬਾਲਟਾਲ ਤੇ ਪਹਿਲਗਾਮ ਲਈ ਰਵਾਨਾ ਹੋਇਆ। ਬਾਲਟਾਲ ਤੇ ਪਹਿਲਗਾਮ ਬੇਸ ਕੈਂਪਾਂ ’ਤੇ ਪਹੁੰਚਣ ਤੋਂ ਬਾਅਦ ਇਹ ਜੱਥਾ ਮੰਗਲਵਾਰ ਸਵੇਰੇ ਪਵਿੱਤਰ ਗੁਫਾ ਲਈ ਰਵਾਨਾ ਹੋ ਗਿਆ। 

ਸਖ਼ਤ ਸੁਰੱਖਿਆ ਹੇਠ 2321 ਸ਼ਰਧਾਲੂਆਂ ਨੂੰ ਬਾਲਟਾਲ ਅਤੇ 4,140 ਸ਼ਰਧਾਲੂਆਂ ਨੂੰ ਪਹਿਲਗਾਮ ਭੇਜਿਆ ਗਿਆ। ਸਾਰੇ ਸ਼ਰਧਾਲੂ ਕੁਲ 261 ਵਾਹਨਾਂ ’ਚ ਰਵਾਨਾ ਹੋਏ। ਬਾਲਟਾਲ ਭੇਜੇ ਗਏ ਸ਼ਰਧਾਲੂਆਂ ਦੇ ਜਥੇ ’ਚ 1628 ਪੁਰਸ਼, 525 ਔਰਤਾਂ, 7 ਬੱਚੇ, 145 ਸਾਧੂ ਤੇ 16 ਸਾਧਵੀਆਂ ਸ਼ਾਮਲ ਸਨ। ਪਹਿਲਗਾਮ ਭੇਜੇ ਗਏ ਜਥੇ ’ਚ 3203 ਪੁਰਸ਼, 698 ਔਰਤਾਂ, 7, 187 ਸਾਧੂ ਅਤੇ 45 ਸਾਧਵੀਆਂ ਸ਼ਾਮਲ ਸਨ।

ਹੁਣ ਤੱਕ ਜੰਮੂ ਤੋਂ ਕਸ਼ਮੀਰ ਵੱਲ ਰਵਾਨਾ ਹੋਏ ਯਾਤਰੀਆਂ ਦੀ ਕੁੱਲ ਗਿਣਤੀ 24,226 ਤੱਕ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਵਿਚ 17,689 ਯਾਤਰੀ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ 'ਚ 3,883 ਮੀਟਰ ਦੀ ਉੱਚਾਈ 'ਤੇ ਸਥਿਤ ਗੁਫ਼ਾ ਵਿਚ ਦਰਸ਼ਨ ਕਰ ਚੁੱਕੇ ਹਨ। ਜੰਮੂ ਤੋਂ ਕਸ਼ਮੀਰ ਘਾਟੀ ਤੱਕ ਵਾਹਨਾਂ ਨੂੰ ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਨੀਮ ਫ਼ੌਜੀ ਸੁਰੱਖਿਆ ਦਸਤਿਆਂ, ਜੰਮੂ-ਕਸ਼ਮੀਰ ਪੁਲਸ ਅਤੇ ਫ਼ੌਜ ਦੀ ਨਿਗਰਾਨੀ ਵਿਚ ਸਖ਼ਤ ਸੁਰੱਖਿਆ ਨਾਲ ਲਿਜਾਇਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਕਾਫ਼ਿਲੇ ਦੀ ਬਿਹਤਰ ਸੁਰੱਖਿਆ ਲਈ ਯਾਤਰਾ ਦੌਰਾਨ ਹਾਈਵੇਅ 'ਤੇ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ 'ਤੇ ਕੁਝ ਸਮੇਂ ਲਈ ਰੋਕ ਲਾ ਦਿੱਤੀ ਜਾਂਦੀ ਹੈ। ਇਹ 52 ਦਿਨ ਦੀ ਯਾਤਰਾ 29 ਜੂਨ ਨੂੰ ਸ਼ੁਰੂ ਹੋਈ ਅਤੇ 19 ਅਗਸਤ ਨੂੰ ਖ਼ਤਮ ਹੋਵੇਗੀ।


Tanu

Content Editor

Related News