ਲਾਪਰਵਾਹੀ : 1 ਮਹੀਨੇ ਤੋਂ ਸਿਵਲ ਹਸਪਤਾਲ ਦੇ ਮੁਰਦਾਘਰ ''ਚ ਪਈ ਲਾਸ਼, ਨਾ ਕੋਈ ਮੈਡੀਕਲ ਰਿਕਾਰਡ ਨਾ ਸਾਕ ਸਬੰਧੀ

Tuesday, Jul 02, 2024 - 03:39 AM (IST)

ਜਲੰਧਰ (ਸ਼ੋਰੀ)- ਭਾਵੇਂ ਸਿਵਲ ਹਸਪਤਾਲ ਨੂੰ ਲੈ ਕੇ ਕਈ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਪਰ ਇਸ ਵਾਰ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਸਿਵਲ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਥਾਣਾ 4 ਦੀ ਪੁਲਸ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਅਣਗਹਿਲੀ ਕਾਰਨ ਮ੍ਰਿਤਕ ਦਾ ਰੀਤੀ ਰਿਵਾਜ਼ਾਂ ਅਨੁਸਾਰ ਸਸਕਾਰ ਨਹੀਂ ਹੋ ਸਕਿਆ ਤੇ ਉਸ ਦੀ ਲਾਸ਼ ਅੰਤਿਮ ਚਿਤਾ ਲਈ ਤਰਸ ਰਹੀ ਹੈ।

ਜਾਣਕਾਰੀ ਅਨੁਸਾਰ ਇਕ ਵਿਅਕਤੀ, ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾਂਦੀ ਹੈ, ਦੀ ਲਾਸ਼ ਪਿਛਲੇ 30 ਦਿਨਾਂ ਤੋਂ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਈ ਸੀ। ਅਖ਼ੀਰ ਜਦੋਂ ਲਾਸ਼ ਵਿਚੋਂ ਬਦਬੂ ਆਉਣ ਲੱਗੀ ਤਾਂ ਮੁਰਦਾਘਰ ਦੇ ਮੁਲਾਜ਼ਮਾਂ ਨੂੰ ਯਾਦ ਆਇਆ ਕਿ ਉਸ ਲਾਸ਼ ਦਾ ਸਸਕਾਰ ਕਰਨਾ ਹੈ। ਇਸ ਤੋਂ ਬਾਅਦ ਮੁਰਦਾਘਰ ਇੰਚਾਰਜ ਡਾ. ਬੇਅੰਤ ਸਿੰਘ ਨੇ ਤੁਰੰਤ ਮੈਡੀਕਲ ਸੁਪਰਡੈਂਟ ਦਫ਼ਤਰ ਨੂੰ ਸੂਚਿਤ ਕੀਤਾ ਅਤੇ ਬਾਅਦ ਵਿਚ ਸੋਮਵਾਰ ਨੂੰ ਥਾਣਾ 4 ਦੀ ਪੁਲਸ ਨੂੰ ਸੂਚਿਤ ਕੀਤਾ ਗਿਆ।

ਹਾਲਾਂਕਿ ਪੁਲਸ ਨੇ ਇਹ ਵੀ ਪੁੱਛਿਆ ਕਿ ਮ੍ਰਿਤਕ ਨੂੰ ਹਸਪਤਾਲ ਕੌਣ ਲੈ ਕੇ ਆਇਆ ਸੀ ਤੇ ਕਿਸ ਜਗ੍ਹਾ ਤੋਂ ਲਿਆਂਦਾ ਗਿਆ ਸੀ। ਕਿਉਂਕਿ ਉਸੇ ਥਾਣੇ ਦੀ ਪੁਲਸ ਉਸ ਥਾਂ ਤੋਂ ਕਾਰਵਾਈ ਕਰਦੀ ਹੈ, ਪਰ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਨੂੰ ਸਪੱਸ਼ਟ ਕਰਨ ਤੋਂ ਅਸਮਰੱਥ ਸਾਬਤ ਹੋਣ ਕਾਰਨ ਕੁਝ ਵੀ ਨਹੀਂ ਕਹਿ ਸਕਿਆ। ਪੁਲਸ ਨੂੰ ਜਾਣਕਾਰੀ ਦਿੰਦਿਆਂ ਡਾ. ਬੇਅੰਤ ਸਿੰਘ ਨੇ ਦੱਸਿਆ ਕਿ ਉਕਤ ਲਾਸ਼ ਕਰੀਬ 30 ਦਿਨਾਂ ਤੋਂ ਮੁਰਦਾਘਰ ’ਚ ਪਈ ਸੀ। ਮ੍ਰਿਤਕ ਦਾ ਮੈਡੀਕਲ ਰਿਕਾਰਡ ਵੀ ਉਪਲਬਧ ਨਹੀਂ ਹੈ, ਜਿਸ ਕਾਰਨ ਅਜੇ ਤਕ ਪੋਸਟਮਾਰਟਮ ਨਹੀਂ ਹੋ ਸਕਿਆ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਇਸ ਸਾਰੇ ਮਾਮਲੇ ਵਿਚ ਕਸੂਰ ਕਿਸ ਦਾ ਹੈ, ਪਰ ਲਾਸ਼ ਦਾ ਤਿਰਸਕਾਰ ਤਾਂ ਹੋਇਆ ਹੀ ਹੈ।

ਇਹ ਵੀ ਪੜ੍ਹੋ- 'ਜੰਗ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਪੰਜਾਬੀ ਸਭ ਤੋਂ ਅੱਗੇ, ਫ਼ਿਰ ਪੰਜਾਬ ਨਾਲ ਮਤਰੇਆਂ ਵਾਲਾ ਵਤੀਰਾ ਕਿਉਂ ?

ਸਿਹਤ ਮੰਤਰੀ ਤੇ ਸੀਨੀਅਰ ਅਧਿਕਾਰੀ ਨੂੰ ਕਰਨੀ ਚਾਹੀਦੀ ਹੈ ਕਾਰਵਾਈ
ਨਿਯਮਾਂ ਅਨੁਸਾਰ ਜੇਕਰ ਕੋਈ ਅਣਪਛਾਤਾ ਵਿਅਕਤੀ ਹਸਪਤਾਲ ’ਚ ਇਲਾਜ ਲਈ ਦਾਖਲ ਹੁੰਦਾ ਹੈ ਜਾਂ ਹਸਪਤਾਲ ’ਚ ਉਸ ਦੀ ਮੌਤ ਹੋ ਜਾਂਦੀ ਹੈ ਤੇ ਲਾਸ਼ ਦੀ ਪਛਾਣ ਨਹੀਂ ਹੋ ਸਕਦੀ ਤਾਂ ਡਿਊਟੀ ’ਤੇ ਮੌਜੂਦ ਡਾਕਟਰ ਨੂੰ ਸਿਵਲ ਹਸਪਤਾਲ ’ਚ ਤਾਇਨਾਤ ਪੁਲਸ ਗਾਰਡ ਨੂੰ ਸੂਚਿਤ ਕਰਨਾ ਹੁੰਦਾ ਹੈ ਤਾਂ ਜੋ ਇਸ ਤੋਂ ਬਾਅਦ ਉਹ ਸਬੰਧਤ ਥਾਣੇ ਦੀ ਪੁਲਸ ਨੂੰ ਸੂਚਿਤ ਕਰ ਸਕੇ ਤੇ ਲਾਸ਼ ਦੀ ਸ਼ਨਾਖਤ ਹੋਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾ ਸਕੇ ਤੇ ਪਰਿਵਾਰਕ ਮੈਂਬਰ ਕਾਨੂੰਨੀ ਤੌਰ ’ਤੇ ਲਾਸ਼ ਦਾ ਸਸਕਾਰ ਕਰ ਸਕਣ ਪਰ ਇਸ ਮਾਮਲੇ ਵਿਚ ਹੋਇਆ ਇਸ ਦੇ ਉਲਟ। ਕਿਸੇ ਵੀ ਡਾਕਟਰ ਵੱਲੋਂ ਅਣਪਛਾਤੇ ਵਿਅਕਤੀ ਬਾਰੇ ਪੁਲਸ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮਾਮਲੇ ਵਿਚ ਸਿਹਤ ਮੰਤਰੀ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਨੂੰ ਦਖਲ ਦੇਣ ਦੀ ਲੋੜ ਹੈ, ਤਾਂ ਜੋ ਭਵਿੱਖ ਵਿਚ ਅਜਿਹੀ ਗਲਤੀ ਨਾ ਦੁਹਰਾਈ ਜਾ ਸਕੇ ਤੇ ਕੋਈ ਵੀ ਮ੍ਰਿਤਕ ਦੇਹ ਦਾ ਇਸ ਤਰ੍ਹਾਂ ਤਿਰਸਕਾਰ ਨਾ ਹੋਵੇ।

ਇਹ ਵੀ ਪੜ੍ਹੋ- ਮਿਡ-ਡੇ ਮੀਲ ਸਕੀਮ ਦੇ ਮੈਨਿਊ 'ਚ ਹੋਇਆ ਬਦਲਾਅ, ਜਾਣੋ ਹੁਣ ਕਿਸ ਦਿਨ ਕੀ-ਕੀ ਬਣੇਗਾ ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News