''ਬਮ ਬਮ ਭੋਲੇ'' ਦੇ ਜੈਕਾਰਿਆਂ ਨਾਲ ਅਮਰਨਾਥ ਯਾਤਰਾ ਲਈ ਨਵਾਂ ਜੱਥਾ ਰਵਾਨਾ
Saturday, Jul 27, 2019 - 10:57 AM (IST)

ਜੰਮੂ (ਵਾਰਤਾ)— ਜੰਮੂ-ਕਸ਼ਮੀਰ ਵਿਚ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਯਾਤਰੀ ਨਿਵਾਸ ਤੋਂ ਸ਼ਨੀਵਾਰ ਦੀ ਸਵੇਰ ਨੂੰ ਬਾਰਿਸ਼ ਦਰਮਿਆਨ 3,926 ਤੀਰਥ ਯਾਤਰੀਆਂ ਦਾ ਨਵਾਂ ਜੱਥਾ 'ਬਮ ਬਮ ਭੋਲੇ' ਦੇ ਜੈਕਾਰਿਆਂ ਨਾਲ ਅਮਰਨਾਥ ਗੁਫਾ ਸਥਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਤੀਰਥ ਯਾਤਰੀਆਂ ਦਾ 165 ਵਾਹਨਾਂ ਦਾ ਕਾਫਿਲਾ ਜੀਪ ਅਤੇ ਮੋਟਰਸਾਈਕਲਾਂ 'ਤੇ ਸਵਾਰ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਸੁਰੱਖਿਆ ਦਰਮਿਆਨ ਆਧਾਰ ਕੈਂਪ ਤੋਂ ਰਵਾਨਾ ਹੋਇਆ।
ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ 1,747 ਪੁਰਸ਼, 323 ਔਰਤਾਂ, 8 ਬੱਚੇ ਅਤੇ 240 ਸਾਧੂ 80 ਵਾਹਨਾਂ 'ਚ ਸਵਾਰ ਹੋ ਕੇ ਪਹਿਲਗਾਮ ਮਾਰਗ ਲਈ ਰਵਾਨਾ ਹੋਏ, ਜਦਕਿ 1,137 ਪੁਰਸ਼, 462 ਔਰਤਾਂ ਅਤੇ 9 ਬੱਚੇ ਬਾਲਟਾਲ ਮਾਰਗ ਲਈ ਬੱਸਾਂ ਅਤੇ ਹੋਰ ਛੋਟੇ ਵਾਹਨਾਂ ਸਮੇਤ ਕੁੱਲ 85 ਵਾਹਨਾਂ ਵਿਚ ਰਵਾਨਾ ਹੋਏ। ਰਾਜਪਾਲ ਦੇ ਸਲਾਹਕਾਰ ਕੇ. ਕੇ. ਸ਼ਰਮਾ ਨੇ 29 ਜੂਨ ਨੂੰ ਹਰੀ ਝੰਡੀ ਦਿਖਾ ਕੇ ਪਹਿਲੇ ਜੱਥੇ ਨੂੰ ਰਵਾਨਾ ਕੀਤਾ ਸੀ। 1 ਜੁਲਾਈ ਤੋਂ ਸ਼ੁਰੂ ਹੋਈ ਇਹ ਯਾਤਰਾ 15 ਅਗਸਤ ਨੂੰ ਰੱਖੜੀ ਵਾਲੇ ਦਿਨ ਖਤਮ ਹੋਵੇਗੀ। ਹੁਣ ਤਕ 2 ਲੱਖ ਤੋਂ ਵਧੇਰੇ ਤੀਰਥ ਯਾਤਰੀ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ।