Punjab ''ਚ ਅਨੋਖ਼ਾ ਮਾਮਲਾ! ਮੁੰਡੇ ਨਾਲ ਵਿਆਹ ਕਰਵਾਉਣ ਲਈ ਕੁੜੀ ਬਣ ਗਿਆ ਕਿੰਨਰ ਤੇ ਫ਼ਿਰ...
Saturday, Jan 03, 2026 - 02:17 PM (IST)
ਲੁਧਿਆਣਾ (ਜ. ਬ.): ਲੁਧਿਆਣਾ ਤੋਂ ਇਕ ਅਨੋਖ਼ਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕਿੰਨਰ ਤੋਂ ਕੁੜੀ ਬਣੀ ਅਦਿਤਿ ਨੇ ਪ੍ਰੇਮ ਸਬੰਧਾਂ ਵਿਚ ਧੋਖਾ ਮਿਲਣ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਉਸ ਨੇ ਜ਼ਹਿਰੀਲੀ ਸ਼ੈਅ ਨਿਗਲ ਲਈ, ਜਿਸ ਮਗਰੋਂ ਉਸ ਦੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਇਲਾਜ ਮਗਰੋਂ ਘਰ ਪਰਤਨ 'ਤੇ ਉਸ ਨੇ ਫਾਹਾ ਲੈ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਹਾਲਤ ਵਿਗੜਣ 'ਤੇ ਉਸ ਨੂੰ ਫ਼ਿਰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।
ਅਦਿਤਿ ਨੇ ਦੱਸਿਆ ਕਿ ਉਸ ਦੇ ਤਕਰੀਬਨ ਇਕ ਸਾਲ ਤੋਂ ਗੋਲਡੀ ਨਾਂ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਨੌਜਵਾਨ ਉਸ ਨੂੰ ਵਿਆਹ ਦਾ ਵਾਅਦਾ ਕਰਦਾ ਰਿਹਾ ਤੇ ਉਸੇ ਦੇ ਕਹਿਣ 'ਤੇ ਉਸ ਨੇ ਕਿੰਨਰ ਤੋਂ ਮਹਿਲਾ ਬਣਨ ਲਈ ਸਰਜਰੀ ਕਰਵਾਈ। ਅਦਿਤਿ ਦਾ ਦੋਸ਼ ਹੈ ਕੇ ਉਸ ਨੇ ਤਕਰੀਬਨ 5 ਤੋਂ 6 ਲੱਖ ਰੁਪਏ ਖਰਚ ਕੇ ਕਈ ਸਰਜਰੀਆਂ ਕਰਵਾਈਆਂ, ਪਰ ਉਸ ਦੇ ਕੁੜੀ ਬਣਨ ਤੋਂ ਬਾਅਦ ਗੋਲਡੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਅਦਿਤਿ ਨੇ ਇਹ ਵੀ ਦੋਸ਼ ਲਗਾਇਆ ਕਿ ਗੋਲਡੀ ਤੇ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਉਹ ਮਾਨਸਿਕ ਤਣਾਅ ਵਿਚ ਆ ਗਈ ਤੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਈ।
ਦੂਜੇ ਪਾਸੇ, ਇਸ ਮਾਮਲੇ ਵਿਚ ਫ਼ੋਨ 'ਤੇ ਗੱਲਬਾਤ ਦੌਰਾਨ ਗੋਲਡੀ ਨੇ ਮੰਨਿਆ ਕਿ ਉਹ ਤਕਰੀਬਨ ਇਕ ਸਾਲ ਤੋਂ ਅਦਿਤਿ ਦੇ ਸੰਪਰਕ ਵਿਚ ਸੀ ਤੇ ਦੋਹਾਂ ਵਿਚਾਲੇ ਸਬੰਧ ਰਹੇ ਹਨ। ਹਾਲਾਂਕਿ ਉਸ ਨੇ ਸਰਜਰੀ ਤੇ ਵਿਾਹ ਨਾਲ ਜੁੜੀਆਂ ਗੱਲਾਂ ਤੋਂ ਇਨਕਾਰ ਕੀਤਾ ਹੈ। ਅਦਿਤਿ ਦੀ ਸਹੇਲੀ ਕੈਮੀ ਨੇ ਦੱਸਿਆ ਕਿ ਨੌਜਵਾਨ ਹੁਣ ਅਦਿਤਿ ਨੂੰ ਧਮਕਾ ਰਿਹਾ ਹੈ ਤੇ ਵਿਆਹ ਤੋਂ ਇਨਕਾਰ ਕਰ ਰਿਹਾ ਹੈ। ਅਦਿਤਿ ਪੇਸ਼ੇ ਤੋਂ ਮੇਕਅਪ ਆਰਟਿਸਟ ਹੈ ਤੇ ਮਿਹਨਤ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਹੈ। ਅਦਿਤਿ ਮੁਤਾਬਕ ਉਸ ਦੀ ਮੁਲਾਕਾਤ ਤਕਰੀਬਨ ਇਕ ਸਾਲ ਪਹਿਲਾਂ ਨਕੋਦਰ ਦਰਬਾਰ ਵਿਚ ਗੋਲਡੀ ਨਾਲ ਹੋਈ ਸੀ, ਜਿਸ ਮਗਰੋਂ ਦੋਹਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਤੇ ਹੌਲ਼ੀ-ਹੌਲ਼ੀ ਸਬੰਧ ਗਹਿਰੇ ਹੋ ਗਏ।
ਇਸ ਸਬੰਧੀ ਚੌਕੀ ਜੀਵਨ ਨਗਰ ਦੇ ਇੰਚਾਰਜ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਅਦਿਤੀ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗੀ ਹੈ। ਹਸਪਤਾਲ ਪ੍ਰਸ਼ਾਸਨ ਤੋਂ ਘਟਨਾ ਦੀ ਸੂਚਨਾ ਮਿਲੀ ਹੈ। ਅਦਿਤੀ ਦੀ ਹਾਲਤ ਵਿਚ ਸੁਧਾਰ ਹੋਣ ਮਗਰੋਂ ਉਸ ਦੇ ਬਿਆਨ ਦਰਜ ਕਰ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
