ਪੰਜਾਬ 'ਚ ਨਵਾਂ ਸੰਗਰਾਮ ਸ਼ੁਰੂ ਕਰੇਗੀ ਕਾਂਗਰਸ! ਰਾਜਾ ਵੜਿੰਗ ਨੇ ਕੀਤਾ ਐਲਾਨ
Wednesday, Jan 07, 2026 - 02:58 PM (IST)
ਲੁਧਿਆਣਾ / ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਕਾਂਗਰਸ ਨੇ ਸੂਬੇ ਵਿਚ ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਵੱਡੇ ਸੰਘਰਸ਼ ਦਾ ਆਗਾਜ਼ ਕਰਨ ਦਾ ਫ਼ੈਸਲਾ ਕੀਤਾ ਹੈ। 'ਮਨਰੇਗਾ ਬਚਾਓ ਸੰਗਰਾਮ' ਦੇ ਤਹਿਤ ਕਾਂਗਰਸ ਪਾਰਟੀ ਪੂਰੇ ਪੰਜਾਬ ਵਿਚ ਮਨਰੇਗਾ ਵਰਕਰਾਂ ਦੇ ਹੱਕਾਂ ਦੀ ਲੜਾਈ ਲੜੇਗੀ। ਇਸ ਦਾ ਐਲਾਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਸ ਮੁਹਿੰਮ ਦੀ ਅਗਵਾਈ ਕਰਨ ਲਈ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਜੋ ਵੱਖ-ਵੱਖ ਹਲਕਿਆਂ ਵਿਚ ਜਨਤਕ ਸਭਾਵਾਂ ਨੂੰ ਸੰਬੋਧਨ ਕਰਨਗੇ।
ਇਸ ਮੁਹਿੰਮ ਤਹਿਤ ਹੋਣ ਵਾਲੀਆਂ ਰੈਲੀਆਂ ਦੇ ਵੇਰਵੇ ਸਾਂਝੇ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਸ ਸੰਗਰਾਮ ਦੇ ਤਹਿਤ ਪਹਿਲੀ ਸਭਾ ਭਲਕੇ ਗੁਰਦਾਸਪੁਰ ਵਿਖੇ ਸਵੇਰੇ 10 ਵਜੇ ਹੋਵੇਗੀ, ਜਿਸ ਤੋਂ ਬਾਅਦ ਦੁਪਹਿਰੇ 2 ਵਜੇ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਵਰਕਰਾਂ ਨੂੰ ਸੰਬੋਧਨ ਕੀਤਾ ਜਾਵੇਗਾ। ਇਸੇ ਤਰ੍ਹਾਂ 9 ਤਾਰੀਖ਼ ਨੂੰ ਸਵੇਰੇ 10 ਵਜੇ ਬਲਾਚੌਰ ਅਤੇ ਦੁਪਹਿਰੇ 2 ਵਜੇ ਸਮਰਾਲਾ (ਖੰਨਾ), 10 ਤਾਰੀਖ਼ ਨੂੰ ਸਵੇਰੇ 10 ਵਜੇ ਰਾਜਪੁਰਾ (ਪਟਿਆਲਾ) ਅਤੇ ਦੁਪਹਿਰੇ 2 ਵਜੇ ਸੰਗਰੂਰ, 11 ਤਾਰੀਖ਼ ਸਵੇਰੇ 10 ਵਜੇ ਭੁੱਚੋ ਮੰਡੀ ਅਤੇ ਸ਼ਾਮ 2 ਵਜੇ ਬਾਘਾ ਪੁਰਾਣਾ, 12 ਤਾਰੀਖ਼ ਨੂੰ ਫਿਰੋਜ਼ਪੁਰ ਦੇ ਗੁਰੂ ਹਰ ਸਹਾਇ ਵਿਖੇ ਸਵੇਰੇ 10 ਵਜੇ ਮਨਰੇਗਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਜਾਵੇਗਾ।
ਰਾਜਾ ਵੜਿੰਗ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਗਰੀਬ ਪਰਿਵਾਰਾਂ ਨੂੰ ਰੁਜ਼ਗਾਰ ਦੀ ਗਰੰਟੀ ਦੇਣ ਲਈ ਮਨਰੇਗਾ ਸਕੀਮ ਸ਼ੁਰੂ ਕੀਤੀ ਸੀ, ਪਰ ਬੀਜੇਪੀ ਸਰਕਾਰ ਵੱਲੋਂ ਗਰੀਬਾਂ ਤੋਂ ਇਹ ਰੋਜ਼ੀ-ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ ਵਿਚ ਕਾਂਗਰਸ ਨੇ ਇਸ ਸੰਗਰਾਮ ਰਾਹੀਂ ਮਨਰੇਗਾ ਵਰਕਰਾਂ ਦੀ ਲੜਾਈ ਲੜਨ ਦਾ ਫ਼ੈਸਲਾ ਲਿਆ ਹੈ।
