ਸਿੱਖ ਭਾਵਨਾਵਾਂ ਨਾਲ ਕੀਤੇ ਖਿਲਵਾੜ ਲਈ ਤੁਰੰਤ ਅਸਤੀਫ਼ਾ ਦੇਵੇ ਆਤਿਸ਼ੀ - ਲਾਲਪੁਰਾ
Thursday, Jan 08, 2026 - 07:24 PM (IST)
ਚੰਡੀਗੜ੍ਹ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਪ੍ਰਤੀ ਵਰਤੀ ਸ਼ਬਦਾਵਲੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੁਰੂ ਸਾਹਿਬਾਨ ਦੀ ਤਸਵੀਰ ਅੱਗੇ ਸ਼ਰਾਬ ਦਾ ਛਿੱਟਾ ਦਿੱਤੇ ਜਾਣ ਵਾਲ਼ੇ ਗੈਰ ਪੁਸ਼ਟ ਵੀਡੀਓ ਵਾਲੇ ਦੋਨੋਂ ਮਾਮਲਿਆਂ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਚੁੱਪੀ ਸਾਬਤ ਕਰਦੀ ਹੈ ਕਿ ਸਿੱਖ ਧਰਮ ਦਾ ਮੂਲ ਅਸੂਲ “ਗੁਰ ਕੀ ਨਿੰਦਾ ਸੁਣੇ ਨ ਕਾਨ” ਦੇ ਖ਼ਿਲਾਫ਼ 'ਆਪ' ਦੇ ਨੇਤਾ ਡੱਟ ਕੇ ਪਹਿਰਾ ਦੇ ਰਹੇ ਹਨ, ਇਹ ਦੋਸ਼ ਭਾਜਪਾ ਦੇ ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਚੰਡੀਗੜ੍ਹ ਵਿਖੇ ਲਗਾਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ, ਮੀਡੀਆ ਮੁਖੀ ਵਿਨੀਤ ਜੋਸ਼ੀ, ਸੂਬਾ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਵੀ ਮੌਜੂਦ ਸਨ।
ਲਾਲਪੁਰਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੇ ਅੰਦਰ ਸਿੱਖ ਗੁਰੂ ਸਾਹਿਬਾਨ ਬਾਰੇ ਅਪਸ਼ਬਦ ਵਰਤੇ ਜਾਣ ਦੀ ਪੁਸ਼ਟੀ ਖੁਦ ਵਿਧਾਨ ਸਭਾ ਦੇ ਸਪੀਕਰ ਵੱਲੋਂ ਕੀਤੀ ਗਈ ਹੈ, ਜੋ ਸਿੱਖ ਧਰਮ ਅਤੇ ਪੂਰੀ ਕੌਮ ਦੀਆਂ ਭਾਵਨਾਵਾਂ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਸ ਗੰਭੀਰ ਮਾਮਲੇ ’ਚ ਚੁੱਪ ਸਾਧ ਕੇ ਆਪਣੀ ਨੀਅਤ ਸਪਸ਼ਟ ਕਰ ਦਿੱਤੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਪਾਰਟੀ ਦੀ ਸਿੱਖ ਲੀਡਰਸ਼ਿਪ ਇਸ ਮਸਲੇ ’ਤੇ ਖਾਮੋਸ਼ ਕਿਉਂ ਹੈ ਅਤੇ ਨਾ ਹੀ ਦੋਸ਼ੀ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ।
ਲਾਲਪੁਰਾ ਨੇ ਕਿਹਾ ਕਿ ਭਗਵੰਤ ਮਾਨ ਦੀ ਵਾਇਰਲ ਵੀਡਿਉ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖੀ ਵਿਚ ਅਜਿਹਾ ਕੋਈ ਰਿਵਾਜ ਨਹੀਂ ਅਤੇ ਜੇਕਰ ਇਹ ਘਟਨਾ ਸੱਚੀ ਹੈ ਤਾਂ ਇਹ ਸਿੱਧਾ-ਸਿੱਧਾ ਕਾਨੂੰਨੀ ਅਪਰਾਧ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨਹੀਂ ਕਰ ਸਕਦੀ ਕਿਉਂਕਿ ਦੋਸ਼ ਸੂਬੇ ਦੇ ਮੁੱਖ ਮੰਤਰੀ ’ਤੇ ਹੋਣ, ਤਾਂ ਨਿਰਪੱਖਤਾ ਸੰਭਵ ਨਹੀਂ ਰਹਿੰਦੀ। ਇਸ ਲਈ ਤੁਰੰਤ ਸੀਬੀਆਈ ਜਾਂ ਨਿਆਂਪਾਲਿਕਾ ਤੋਂ ਜਾਂਚ ਹੋਣੀ ਚਾਹੀਦੀ ਹੈ।
ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਕੇਜਰੀਵਾਲ ਅਤੇ ਸਿਸੋਦੀਆ ਵੀ ਇਸ ਪੂਰੇ ਮਾਮਲੇ ਲਈ ਉਨੇ ਹੀ ਜਵਾਬਦੇਹ ਹਨ। ਜੇਕਰ ਭਗਵੰਤ ਮਾਨ ਅਸਤੀਫਾ ਨਹੀਂ ਦਿੰਦੇ, ਤਾਂ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਪਹਿਲਾਂ ਹੀ ਡਿੱਗ ਚੁੱਕੀ ਹੈ ਅਤੇ ਹੁਣ ਧਾਰਮਿਕ ਭਾਵਨਾਵਾਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਹੈ। ਜਿਹੜੀ ਸਰਕਾਰ ਗੁਰੂ ਸਾਹਿਬਾਨ ਦੇ ਸਤਿਕਾਰ ਦੀ ਰੱਖਿਆ ਨਹੀਂ ਕਰ ਸਕਦੀ, ਉਸਨੂੰ ਸੱਤਾ ’ਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਇਕਬਾਲ ਸਿੰਘ ਲਾਲਪੁਰਾ ਨੇ ਦੋ ਟੁਕ ਕਿਹਾ ਕਿ ਭਾਜਪਾ ਸਿੱਖ ਕੌਮ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਅਤੇ ਗੁਰੂ ਸਾਹਿਬਾਨ ਦੀ ਨਿੰਦਾ ਕਰਨ ਵਾਲਿਆਂ ਨੂੰ ਸਜ਼ਾ ਦਿਵਾਏ ਬਿਨਾਂ ਚੁੱਪ ਨਹੀਂ ਬੈਠਿਆ ਜਾਵੇਗਾ।
