ਹੁਣ ਇੰਡੀਆ ਗੇਟ ਦੀ ਜਗ੍ਹਾ ਹੁਣ ਰਾਸ਼ਟਰੀ ਯੁੱਧ ਸਮਾਰਕ ''ਤੇ ਜਗੇਗੀ ਅਮਰ ਜਵਾਨ ਜੋਤੀ
Friday, Jan 21, 2022 - 11:43 AM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ ਨੂੰ 50 ਸਾਲ ਪੁਰਾਣੀ ਪਰੰਪਰਾ ਬਦਲ ਜਾਵੇਗੀ, ਜਿੱਥੇ ਇੰਡੀਆ ਗੇਟ ਦੀ ਪਛਾਣ ਬਣ ਚੁਕੀ ਅਮਰ ਜਵਾਨ ਜੋਤੀ ਹੁਣ ਰਾਸ਼ਟਰੀ ਯੁੱਧ ਸਮਾਰਕ 'ਤੇ ਜਗੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ 3.30 ਵਜੇ ਇਸ ਦੀ ਲੌ (ਮਸ਼ਾਲ) ਨੂੰ ਰਾਸ਼ਟਰੀ ਯੁੱਧ ਸਮਾਰਕ ਦੀ ਜੋਤੀ 'ਚ ਮਿਲਾਇਆ ਜਾਵੇਗਾ। ਇਸ ਲਈ ਆਯੋਜਿਤ ਸਮਾਰੋਹ ਦੀ ਪ੍ਰਧਾਨਗੀ ਏਅਰ ਮਾਰਸ਼ਲ ਬਲਭੱਦਰ ਰਾਧਾ ਕ੍ਰਿਸ਼ਨ ਕਰਨਗੇ। ਦਿੱਲੀ ਦੇ ਇੰਡੀਆ ਗੇਟ 'ਤੇ ਪਿਛਲੇ 50 ਸਾਲਾਂ ਤੋਂ ਜਗ ਰਹੀ ਅਮਰ ਜਵਾਨ ਜੋਤੀ ਨੂੰ ਅੱਜ ਰਾਸ਼ਟਰੀ ਯੁੱਧ ਸਮਾਰਕ 'ਤੇ ਬਲ ਰਹੀ ਲੌ 'ਚ ਮਿਲਾਇਆ ਜਾ ਰਿਹਾ ਹੈ। ਜਿਸ ਦੇ ਬਾਅਦ ਤੋਂ ਇੰਡੀਆ ਗੇਟ 'ਤੇ ਸ਼ਹੀਦਾਂ ਦੀ ਯਾਦ 'ਚ ਬਲਣ ਵਾਲੀ ਇਹ ਲੌ ਹੁਣ ਰਾਸ਼ਟਰੀ ਯੁੱਧ ਸਮਾਰਕ 'ਤੇ ਹੀ ਜਗੇਗੀ। ਅਮਰ ਜਵਾਨ ਜੋਤੀ ਪਾਕਿਸਤਾਨ ਵਿਰੁੱਧ 1971 ਦੇ ਯੁੱਧ 'ਚ ਸ਼ਹੀਦ ਹੋਣ ਵਾਲੇ 3,843 ਭਾਰਤੀ ਜਵਾਨਾਂ ਦੀ ਯਾਦ 'ਚ ਪਹਿਲੀ ਵਾਰ 1972 'ਚ ਜਗਾਈ ਗਈ ਸੀ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 26 ਫਰਵਰੀ 1972 ਨੂੰ ਇਸ ਦਾ ਉਦਘਾਟਨ ਕੀਤਾ ਸੀ। ਫ਼ੌਜ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰ ਜਵਾਨ ਜੋਤੀ ਸ਼ੁੱਕਰਵਾਰ ਦੁਪਹਿਰ ਰਾਸ਼ਟਰੀ ਯੁੱਧ ਸਮਾਰਕ 'ਤੇ ਜਗ ਰਹੀ ਲੌ 'ਚ ਮਿਲਾਈ ਜਾਵੇਗੀ। ਇਹ ਸਮਾਰਕ ਇੰਡੀਆ ਗੇਟ ਦੇ ਦੂਜੇ ਪਾਸੇ ਸਿਰਫ਼ 400 ਮੀਟਰ ਦੀ ਦੂਰੀ 'ਤੇ ਸਥਿਤ ਹੈ। ਦੱਸਣਯੋਗ ਹੈ ਕਿ ਇੰਡੀਆ ਗੇਟ ਦਾ ਨਿਰਮਾਣ ਬ੍ਰਿਟਿਸ਼ ਹੁਕੂਮਤ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਦੀ ਯਾਦ 'ਚ 1931 'ਚ ਕੀਤਾ ਸੀ। ਉੱਥੇ ਹੀ ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1919 'ਚ ਕੀਤਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ