ਕਿਸਾਨਾਂ ਦੇ ਸਮਰਥਨ ''ਚ ਖੇਤੀਬਾੜੀ ਵਿਗਿਆਨੀ ਨੇ ਐਵਾਰਡ ਲੈਣ ਤੋਂ ਕੀਤਾ ਇਨਕਾਰ

Wednesday, Dec 09, 2020 - 02:48 PM (IST)

ਨਵੀਂ ਦਿੱਲੀ (ਭਾਸ਼ਾ)— ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀ ਵਰਿੰਦਰਪਾਲ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਮੌਜੂਦਾ ਅੰਦੋਲਨ ਦੇ ਸਮਰਥਨ 'ਚ ਖਾਦ ਉਦਯੋਗ ਦੀ ਸੰਸਥਾ ਐੱਫ. ਏ. ਆਈ. ਦਾ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ। ਬੂਟਿਆਂ ਦੇ ਪੋਸ਼ਣ ਨਾਲ ਜੁੜੇ ਕੰਮਾਂ ਲਈ ਵਰਿੰਦਰਪਾਲ ਸਿੰਘ ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ (ਐੱਫ. ਏ. ਆਈ.) ਦੇ ਗੋਲਡਨ ਜੁਬਲੀ ਦੇ ਸੰਯੁਕਤ ਜੇਤੂ ਐਲਾਨ ਕੀਤੇ ਗਏ ਸਨ। ਇਸ ਐਵਾਰਡ ਦੇ ਤਹਿਤ 2 ਲੱਖ ਰੁਪਏ ਨਕਦ ਰਾਸ਼ੀ, ਇਕ ਸੋਨ ਤਮਗਾ ਅਤੇ ਇਕ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਐੱਫ. ਏ. ਆਈ. ਦੇ ਜਨਰਲ ਡਾਇਰੈਕਟਰ ਸਤੀਸ਼ ਚੰਦਰ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਆਯੋਜਿਤ ਹੋਏ ਸਲਾਨਾ ਸਮਾਰੋਹ ਦੌਰਾਨ ਸਿੰਘ ਨੇ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ।

ਚੰਦਰ ਨੇ ਦੱਸਿਆ ਕਿ ਇਸ ਅਕਾਦਮਿਕ ਐਵਾਰਡ ਨੂੰ ਲੈਣ ਤੋਂ ਇਨਕਾਰ ਕਰਨਾ ਠੀਕ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ਵਿਚ 34 ਐਵਾਰਡ ਦਿੱਤੇ ਗਏ। ਐਵਾਰਡ ਵੰਡ ਸਮਾਰੋਹ 'ਚ ਰਸਾਇਣ ਅਤੇ ਖਾਦ ਰਾਜ ਮੰਤਰੀ ਮਨਸੁੱਖ ਲਾਲ ਮਾਂਡਵੀਆ ਵੀ ਮੌਜੂਦ ਸਨ। ਵਰਿੰਦਰਪਾਲ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ 'ਚ ਕਿਹਾ ਕਿ ਸੰਕਟ ਦੀ ਇਸ ਘੜੀ ਦੇ ਸਮੇਂ ਜਦੋਂ ਦੇਸ਼ ਦੇ ਕਿਸਾਨ ਸੜਕਾਂ 'ਤੇ ਹਨ, ਮੇਰੀ ਅੰਤਰ-ਆਤਮਾ ਨੇ ਇਹ ਐਵਾਰਡ ਮਨਜ਼ੂਰ ਕਰਨ ਦੀ ਮੈਨੂੰ ਇਜਾਜ਼ਤ ਨਹੀਂ ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਮਿੱਟੀ ਵਿਗਿਆਨ ਮਕਿਮਾ ਵਿਚ ਪ੍ਰਧਾਨ ਰਸਾਇਣ ਸ਼ਾਸਤਰੀ ਸਿੰਘ ਨੇ ਐਵਾਰਡ ਨਹੀਂ ਮਨਜ਼ੂਰ ਕਰਨ ਲਈ ਦੁੱਖ ਵੀ ਜਤਾਇਆ।


Tanu

Content Editor

Related News