ਮਿਲਾਵਟਖੋਰਾਂ ਦੀ ਹੁਣ ਖੈਰ ਨਹੀਂ, ਚੌਰਾਹਿਆਂ ’ਤੇ ਲੱਗਣਗੀਆਂ ਤਸਵੀਰਾਂ
Thursday, May 15, 2025 - 12:54 AM (IST)

ਲਖਨਊ, (ਭਾਸ਼ਾ)– ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਦਵਾਈਆਂ ਵਿਚ ਮਿਲਾਵਟ ਨੂੰ ਸਮਾਜਿਕ ਅਪਰਾਧ ਦੱਸਦੇ ਹੋਏ ਇਸ ਨੂੰ ਜਨਤਾ ਦੀ ਸਿਹਤ ਨਾਲ ਜੁੜਿਆ ਗੰਭੀਰ ਵਿਸ਼ਾ ਕਿਹਾ। ਐੱਫ. ਐੱਸ. ਡੀ. ਏ. ਦੀ ਸਮੀਖਿਆ ਬੈਠਕ ਵਿਚ ਉਨ੍ਹਾਂ ਮਿਲਾਵਟਖੋਰਾਂ ਖਿਲਾਫ ‘ਜ਼ੀਰੋ ਟਾਲਰੈਂਸ’ ਨੀਤੀ ’ਤੇ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਅਜਿਹੇ ਅਪਰਾਧੀਆਂ ਦੀਆਂ ਤਸਵੀਰਾਂ ਜਨਤਕ ਚੌਰਾਹਿਆਂ ’ਤੇ ਲਾਉਣ ਨੂੰ ਕਿਹਾ।
ਦੁੱਧ, ਤੇਲ, ਮਸਾਲੇ ਵਰਗੀਆਂ ਚੀਜ਼ਾਂ ਦੀ ਉਤਪਾਦਕ ਪੱਧਰ ’ਤੇ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਨਕਲੀ ਦਵਾਈਆਂ ’ਤੇ ਰੋਕ ਲਈ ਪੁਲਸ ਅਤੇ ਵਿਭਾਗੀ ਤਾਲਮੇਲ ਮਜ਼ਬੂਤ ਕਰਨ ਨੂੰ ਕਿਹਾ ਗਿਆ। ਪੂਰੇ ਸੂਬੇ ਵਿਚ ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਦਵਾਈਆਂ ਨਾਲ ਸੰਬੰਧਤ ਪ੍ਰਯੋਗਸ਼ਾਲਾਵਾਂ ਦੇ ਵਿਸਤਾਰ ਦੀ ਜਾਣਕਾਰੀ ਦਿੱਤੀ ਗਈ। ਜਨਤਾ ਦੀ ਭਾਈਵਾਲੀ ਵਧਾਉਣ ਲਈ ‘ਫੂਡ ਸੇਫਟੀ ਕੁਨੈਕਟ’ ਐਪ ਅਤੇ ਟੋਲ ਫ੍ਰੀ ਨੰਬਰ ਸ਼ੁਰੂ ਕੀਤਾ ਗਿਆ ਹੈ। ਯੋਗੀ ਨੇ ਕਿਹਾ ਕਿ ਜਨਤਾ ਦੀ ਸੰਤੁਸ਼ਟੀ ਤੱਕ ਹਰ ਸ਼ਿਕਾਇਤ ਦੀ ਸੁਣਵਾਈ ਜ਼ਰੂਰੀ ਹੈ।