ਹੋਲੀ ਪਹਿਲਾਂ ਮਿਲਾਵਟਖੋਰਾਂ ''ਤੇ ਵੱਡੀ ਕਾਰਵਾਈ, UP ''ਚ 2500 ਕਿਲੋ ਨਕਲੀ ਪਨੀਰ ਜ਼ਬਤ
Wednesday, Feb 25, 2026 - 09:37 PM (IST)
ਗਾਜ਼ਿਆਬਾਦ- ਹੋਲੀ ਅਤੇ ਰਮਜ਼ਾਨ ਦੇ ਆਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਗਾਜ਼ਿਆਬਾਦ ਅਤੇ ਹਾਪੁੜ ਵਿੱਚ ਖਾਧ ਸੁਰੱਖਿਆ ਵਿਭਾਗ ਨੇ ਮਿਲਾਵਟਖੋਰਾਂ ਵਿਰੁੱਧ ਇੱਕ ਵੱਡੀ ਮੁਹਿੰਮ ਵਿੱਢੀ ਹੈ। ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਨਕਲੀ ਅਤੇ ਮਿਲਾਵਟੀ ਖਾਧ ਪਦਾਰਥ ਜ਼ਬਤ ਕਰਕੇ ਨਸ਼ਟ ਕੀਤੇ ਗਏ ਹਨ।
ਗਾਜ਼ਿਆਬਾਦ ਵਿੱਚ ਖਾਧ ਵਿਭਾਗ ਦੀਆਂ ਪੰਜ ਟੀਮਾਂ ਪਿਛਲੇ 72 ਘੰਟਿਆਂ ਤੋਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਮੁੱਖ ਖਾਧ ਸੁਰੱਖਿਆ ਅਧਿਕਾਰੀ ਆਸ਼ੂਤੋਸ਼ ਰਾਏ ਅਨੁਸਾਰ, ਹੁਣ ਤੱਕ 2500 ਕਿਲੋ (25 ਕਵਿੰਟਲ) ਪਨੀਰ ਅਤੇ 200 ਕਿਲੋ ਮਾਵਾ ਜ਼ਬਤ ਕਰਕੇ ਜ਼ਮੀਨ ਵਿੱਚ ਦਫਨ ਕਰਕੇ ਨਸ਼ਟ ਕਰ ਦਿੱਤਾ ਗਿਆ ਹੈ। ਨਸ਼ਟ ਕੀਤੇ ਗਏ ਪਨੀਰ ਦੀ ਅਨੁਮਾਨਿਤ ਕੀਮਤ 7.5 ਲੱਖ ਰੁਪਏ ਤੋਂ ਵੱਧ ਅਤੇ ਮਾਵੇ ਦੀ ਕੀਮਤ ਲਗਭਗ 60 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਵਿਭਾਗ ਨੇ ਜਾਂਚ ਲਈ 30 ਤੋਂ 35 ਨਮੂਨੇ ਵੀ ਲਏ ਹਨ।
ਇਸੇ ਦੌਰਾਨ ਹਾਪੁੜ ਜ਼ਿਲ੍ਹੇ ਵਿੱਚ ਵੀ ਖਾਧ ਸੁਰੱਖਿਆ ਅਤੇ ਔਸ਼ਧੀ ਪ੍ਰਸ਼ਾਸਨ ਵਿਭਾਗ ਨੇ ਤੇਲ ਮਿੱਲਾਂ ਅਤੇ ਹੋਰ ਅਦਾਰਿਆਂ 'ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ 32,500 ਲੀਟਰ ਖਾਧ ਤੇਲ (ਸਰ੍ਹੋਂ ਦਾ ਤੇਲ, ਰਿਫਾਇੰਡ ਅਤੇ ਵੈਜੀਟੇਬਲ ਪਾਮ ਆਇਲ) ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੀਮਤ ਲਗਭਗ 54 ਲੱਖ ਰੁਪਏ ਹੈ। ਵਿਭਾਗ ਨੇ ਜਾਂਚ ਲਈ 23 ਨਮੂਨੇ ਪ੍ਰਯੋਗਸ਼ਾਲਾ ਭੇਜੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਨਕਲੀ ਪਨੀਰ ਅਤੇ ਮਾਵਾ ਅਲੀਗੜ੍ਹ, ਅਮਰੋਹਾ ਅਤੇ ਬਾਗਪਤ ਦੇ ਰਸਤੇ ਦਿੱਲੀ-ਐਨਸੀਆਰ ਦੇ ਬਾਜ਼ਾਰਾਂ ਵਿੱਚ ਸਪਲਾਈ ਕੀਤਾ ਜਾਣਾ ਸੀ। ਤਿਉਹਾਰਾਂ ਦੌਰਾਨ ਵਧਦੀ ਮੰਗ ਦਾ ਫਾਇਦਾ ਉਠਾਉਣ ਲਈ ਮਿਲਾਵਟਖੋਰ ਸਸਤਾ ਅਤੇ ਮਿਲਾਵਟੀ ਸਾਮਾਨ ਖਪਾਉਣ ਦੀ ਕੋਸ਼ਿਸ਼ ਕਰਦੇ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
