Loan ਰਿਕਵਰੀ ਹੁਣ ਤਮੀਜ਼ ਨਾਲ! RBI ਦੀ ਸਖ਼ਤੀ, ਨਹੀਂ ਚੱਲੇਗੀ ‘ਵਸੂਲੀ ਭਾਈ’ ਦੀ ਦਾਦਾਗਿਰੀ
Friday, Feb 13, 2026 - 03:36 PM (IST)
ਮੁੰਬਈ: ਭਾਰਤੀ ਰਿਜ਼ਰਵ ਬੈਂਕ (RBI) ਨੇ ਕਰਜ਼ਾ ਵਸੂਲੀ (Loan Recovery) ਦੇ ਨਿਯਮਾਂ ਨੂੰ ਵਧੇਰੇ 'ਮਨੁੱਖੀ' ਬਣਾਉਣ ਲਈ ਨਵੇਂ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਬੈਂਕਾਂ ਦੇ ਰਿਕਵਰੀ ਏਜੰਟ ਗਾਹਕਾਂ ਨਾਲ ਬਦਤਮੀਜ਼ੀ ਨਹੀਂ ਕਰ ਸਕਣਗੇ ਤੇ ਨਾ ਹੀ ਉਨ੍ਹਾਂ ਨੂੰ ਜਨਤਕ ਤੌਰ 'ਤੇ ਜ਼ਲੀਲ ਕਰ ਸਕਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਵਿੱਚ ਕੀਤੇ ਐਲਾਨਾਂ ਤੋਂ ਬਾਅਦ ਆਰ.ਬੀ.ਆਈ. ਨੇ ‘RBI (Commercial Banks – Responsible Business Conduct) Second Amendment Directions, 2026’ ਸਿਰਲੇਖ ਹੇਠ ਇਹ ਡਰਾਫਟ ਨਿਯਮ ਪੇਸ਼ ਕੀਤੇ ਹਨ।
ਹੁਣ ਸ਼ਾਮ 7 ਵਜੇ ਤੋਂ ਬਾਅਦ ਨਹੀਂ ਆਵੇਗਾ ਕੋਈ ਫੋਨ
ਨਵੇਂ ਨਿਯਮਾਂ ਅਨੁਸਾਰ, ਰਿਕਵਰੀ ਏਜੰਟ ਆਪਣੀ ਮਰਜ਼ੀ ਅਨੁਸਾਰ ਜਦੋਂ ਚਾਹੇ ਗਾਹਕ ਨੂੰ ਫੋਨ ਨਹੀਂ ਕਰ ਸਕਣਗੇ। ਏਜੰਟਾਂ ਨੂੰ ਸ਼ਾਮ 7 ਵਜੇ ਤੋਂ ਬਾਅਦ ਫੋਨ ਕਰਨ ਦੀ ਸਖ਼ਤ ਮਨਾਹੀ ਹੋਵੇਗੀ। ਇਸ ਤੋਂ ਇਲਾਵਾ, ਏਜੰਟ ਗਾਹਕਾਂ ਨੂੰ ਡਰਾਉਣ-ਧਮਕਾਉਣ ਜਾਂ ਗਲਤ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਣਗੇ।
ਸਿਰਫ਼ ‘ਸਰਟੀਫਾਈਡ’ ਏਜੰਟ ਹੀ ਕਰ ਸਕਣਗੇ ਵਸੂਲੀ
ਬੈਂਕ ਹੁਣ ਕਿਸੇ ਵੀ ਵਿਅਕਤੀ ਨੂੰ ਵਸੂਲੀ ਲਈ ਤੁਹਾਡੇ ਘਰ ਨਹੀਂ ਭੇਜ ਸਕਣਗੇ। ਹਰ ਰਿਕਵਰੀ ਏਜੰਟ ਕੋਲ IIBF (Indian Institute of Banking and Finance) ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੋਵੇਗਾ। ਬੈਂਕਾਂ ਨੂੰ ਆਪਣੇ ਅਧਿਕਾਰਤ ਏਜੰਟਾਂ ਦੀ ਸੂਚੀ ਆਪਣੀ ਵੈੱਬਸਾਈਟ ਅਤੇ ਐਪ 'ਤੇ ਪਾਉਣੀ ਹੋਵੇਗੀ, ਤਾਂ ਜੋ ਗਾਹਕ ਅਸਲੀ ਅਤੇ ਨਕਲੀ ਏਜੰਟ ਦੀ ਪਛਾਣ ਕਰ ਸਕਣ।
ਖੁਸ਼ੀ ਜਾਂ ਗਮੀ ਦੇ ਮੌਕੇ 'ਤੇ ਨਹੀਂ ਪਾ ਸਕਣਗੇ ਖਲਲ
ਅਕਸਰ ਦੇਖਿਆ ਜਾਂਦਾ ਸੀ ਕਿ ਏਜੰਟ ਤਿਉਹਾਰਾਂ ਜਾਂ ਵਿਆਹਾਂ ਦੇ ਮੌਕੇ 'ਤੇ ਪਹੁੰਚ ਕੇ ਹੰਗਾਮਾ ਕਰਦੇ ਸਨ। ਹੁਣ ਆਰ.ਬੀ.ਆਈ. ਨੇ ਇਸ 'ਤੇ ਰੋਕ ਲਗਾ ਦਿੱਤੀ ਹੈ। ਵਿਆਹ, ਤਿਉਹਾਰ ਜਾਂ ਪਰਿਵਾਰ ਵਿੱਚ ਕਿਸੇ ਦੀ ਮੌਤ ਵਰਗੇ ਸੰਵੇਦਨਸ਼ੀਲ ਮੌਕਿਆਂ 'ਤੇ ਏਜੰਟ ਗਾਹਕਾਂ ਨੂੰ ਪਰੇਸ਼ਾਨ ਨਹੀਂ ਕਰ ਸਕਣਗੇ। ਸੋਸ਼ਲ ਮੀਡੀਆ ਰਾਹੀਂ ਪਰੇਸ਼ਾਨ ਕਰਨਾ ਵੀ ਹੁਣ 'ਕਰੂਰ ਵਿਵਹਾਰ' ਦੀ ਸ਼੍ਰੇਣੀ 'ਚ ਆਵੇਗਾ।
ਸ਼ਿਕਾਇਤ ਪੈਂਡਿੰਗ ਹੋਣ 'ਤੇ ਵਸੂਲੀ 'ਤੇ ਲੱਗੇਗੀ ਬ੍ਰੇਕ
ਗਾਹਕਾਂ ਲਈ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਜੇਕਰ ਤੁਸੀਂ ਕਿਸੇ ਏਜੰਟ ਦੀ ਬਦਤਮੀਜ਼ੀ ਵਿਰੁੱਧ ਬੈਂਕ ਵਿੱਚ ਸ਼ਿਕਾਇਤ ਕੀਤੀ ਹੈ ਤਾਂ ਜਦੋਂ ਤੱਕ ਉਸ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ, ਬੈਂਕ ਵਸੂਲੀ ਦੀ ਪ੍ਰਕਿਰਿਆ ਅੱਗੇ ਨਹੀਂ ਵਧਾ ਸਕਦਾ। ਏਜੰਟ ਦੀ ਹਰ ਹਰਕਤ ਲਈ ਬੈਂਕ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗਾ।
ਹੋਰ ਮੁੱਖ ਬਦਲਾਅ
• ਜੇਕਰ ਬੈਂਕ ਤੁਹਾਡਾ ਰਿਕਵਰੀ ਏਜੰਟ ਬਦਲਦਾ ਹੈ, ਤਾਂ ਤੁਹਾਨੂੰ ਤੁਰੰਤ SMS ਜਾਂ ਈਮੇਲ ਰਾਹੀਂ ਸੂਚਿਤ ਕਰਨਾ ਹੋਵੇਗਾ।
• ਗਾਹਕ ਦੀ ਸਪੱਸ਼ਟ ਸਹਿਮਤੀ ਤੋਂ ਬਿਨਾਂ ਬੈਂਕ ਕੋਈ ਵੀ ਵਾਧੂ ਉਤਪਾਦ (ਜਿਵੇਂ ਇੰਸ਼ੋਰੈਂਸ ਜਾਂ ਕ੍ਰੈਡਿਟ ਕਾਰਡ) ਨਹੀਂ ਵੇਚ ਸਕਣਗੇ।
• ਹਰ ਨੋਟਿਸ 'ਤੇ ਸ਼ਿਕਾਇਤ ਅਧਿਕਾਰੀ ਦਾ ਨਾਮ ਅਤੇ ਨੰਬਰ ਦੇਣਾ ਲਾਜ਼ਮੀ ਹੋਵੇਗਾ।
ਆਰ.ਬੀ.ਆਈ. ਦਾ ਮੰਨਣਾ ਹੈ ਕਿ ਕਰਜ਼ਾ ਵਸੂਲਣਾ ਬੈਂਕ ਦਾ ਅਧਿਕਾਰ ਹੈ, ਪਰ ਕਿਸੇ ਵੀ ਕਰਜ਼ਦਾਰ ਦੀ ਗਰਿਮਾ (Dignity) ਨੂੰ ਠੇਸ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
