ਗੈਂਗਸਟਰ ਲਾਰੈਂਸ ਦੇ ਨਾਂ ''ਤੇ ਹੋ ਰਿਹਾ ਸੀ ਇਹ ਕੰਮ, ਪੁਲਸ ਨੇ ਮਾਰਕੀਟ ''ਚੋਂ ਚੱਕ ਲਏ 3 ਬੰਦੇ, ਜਾਣੋ ਮਾਮਲਾ
Wednesday, Nov 26, 2025 - 12:34 PM (IST)
ਨੈਸ਼ਨਲ ਡੈਸਕ : ਰਾਜਸਥਾਨ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪ੍ਰਮੋਸ਼ਨ ਕਰਨ ਵਾਲੀਆਂ ਜੈਕਟਾਂ ਵੇਚਣ ਵਾਲੇ ਲੋਕਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਕੋਟਪੂਤਲੀ ਇਲਾਕੇ ਵਿੱਚ ਗੈਂਗਸਟਰ ਦੇ ਨਾਂ ਦੀਆਂ ਜੈਕੇਟਾਂ ਵੇਚਣ ਦੇ ਦੋਸ਼ ਹੇਠ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ ਰਾਜਸਥਾਨ ਦੇ ਕੋਟਪੂਤਲੀ ਕਸਬੇ ਦੀ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਕੋਟਪੂਤਲੀ ਦੇ ਸਿਟੀ ਪਲਾਜ਼ਾ ਵਿਖੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਦਾ ਪ੍ਰਚਾਰ ਕਰਨ ਵਾਲੀਆਂ ਜੈਕੇਟਾਂ ਵੇਚ ਰਹੇ ਹਨ। ਇਨ੍ਹਾਂ ਜੈਕੇਟਾਂ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੋਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕ੍ਰਿਸ਼ਨ ਉਰਫ਼ ਗੁੱਡੂ, ਸੰਜੇ ਸੈਣੀ ਅਤੇ ਸੁਰੇਸ਼ਚੰਦ ਸ਼ਰਮਾ ਵਜੋਂ ਹੋਈ ਹੈ, ਜੋ ਸਾਰੇ ਕੋਟਪੂਤਲੀ ਇਲਾਕੇ ਦੇ ਰਹਿਣ ਵਾਲੇ ਹਨ।
35 ਜੈਕੇਟਾਂ ਜ਼ਬਤ:
ਕੋਟਪੂਤਲੀ-ਬਹਿਰੋੜ ਜ਼ਿਲ੍ਹੇ ਦੇ ਐਸਪੀ ਦੇਵੇਂਦਰ ਕੁਮਾਰ ਦੇ ਅਨੁਸਾਰ ਪੁਲਸ ਟੀਮ ਨੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਕੋਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਦਾ ਪ੍ਰਚਾਰ ਕਰਨ ਵਾਲੀਆਂ 35 ਜੈਕੇਟਾਂ ਜ਼ਬਤ ਕੀਤੀਆਂ ਹਨ।
ਐਸਪੀ ਨੇ ਸਪੱਸ਼ਟ ਕੀਤਾ ਕਿ ਲਾਰੈਂਸ ਬਿਸ਼ਨੋਈ ਜਿਹੇ ਗੈਂਗਸਟਰਾਂ ਦਾ ਪ੍ਰਚਾਰ ਕਰਨ ਜਾਂ ਕਿਸੇ ਵੀ ਤਰ੍ਹਾਂ ਪ੍ਰਚਾਰ-ਪ੍ਰਸਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਕੰਮ ਸਮਾਜ 'ਚ ਅਪਰਾਧ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ।
